ਜੈਤੋ ਦੇ ਅੱਧੀ ਦਰਜਨ ਜਨਤਕ ਆਰ ਓਜ਼ ਦਾ ਪਾਣੀ ਖ਼ਰਾਬ
ਬਲਾਕ ਜੈਤੋ ਦੇ ਵੱਖ-ਵੱਖ ਇਲਾਕਿਆਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਦੌਰਾਨ 6 ਆਰ ਓਜ਼ ਦਾ ਪਾਣੀ ਖ਼ਰਾਬ ਮਿਲਿਆ ਹੈ। ਏਡੀਸੀ ਫ਼ਰੀਦਕੋਟ ਹਰਜੋਤ ਕੌਰ ਨੇ ਆਪਣੇ ਜੈਤੋ ਦੇ ਦੌਰੇ ਦੌਰਾਨ ਸੀਵਰੇਜ ਬੋਰਡ, ਜਨ ਸਿਹਤ ਵਿਭਾਗ ਅਤੇ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਨਾਜਾਇਜ਼ ਤੌਰ ’ਤੇ ਚਲ ਰਹੇ ਪਾਣੀ ਦੇ ਕੁਨੈਕਸ਼ਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂ ਕਿ ਅਜਿਹੇ ਕੁਨੈਕਸ਼ਨਾਂ ਕਾਰਨ ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਨਾਲ ਰਲਗੱਡ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਜਾਣਕਾਰੀ ਮੁਤਾਬਿਕ ਜਿਨ੍ਹਾਂ ਆਰ ਓ ਦਾ ਪਾਣੀ ਫੇਲ੍ਹ ਹੋਇਆ ਹੈ, ਉਨ੍ਹਾਂ ਵਿੱਚ ਥਾਣਾ ਜੈਤੋ, ਐੱਚ ਬੀ ਆਰ ਓ ਹਿੰਮਤਪੁਰਾ ਬਸਤੀ, ਗੁਰਮੇਲ ਸਿੰਘ ਪੁੱਤਰ ਮੰਗਲ ਸਿੰਘ, ਗੁਰਕ੍ਰਿਪਾ ਆਰ ਓ ਫਿਲਟਰ ਵਾਟਰ ਬਾਲਮੀਕਿ ਕਲੋਨੀ, ਸੁਖਦੇਵ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਰਣਜੀਤ ਸਿੰਘ, ਮੁਕਤਸਰ ਰੋਡ ਜੈਤੋ ਸ਼ਾਮਲ ਹਨ।
ਏਡੀਸੀ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਖਰਾਬ ਆਰ ਓ ਮਸ਼ੀਨਾਂ ਨੂੰ ਠੀਕ ਕਰਕੇ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਹੀ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਹੁੰਦੀ, ਉਦੋਂ ਤੱਕ ਉਹ ਵਾਟਰ ਵਰਕਸ ਸਪਲਾਈ ਦੇ ਪੀਣ ਵਾਲੇ ਪਾਣੀ ਦੀ ਹੀ ਵਰਤੋਂ ਕਰਨ। ਉਨ੍ਹਾਂ ਜੈਤੋ ਦੇ ਉਕਤ ਜ਼ਿਕਰਯੋਗ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਜਲਦ ਹੀ ਸਾਰੇ ਪ੍ਰਭਾਵਿਤ ਆਰ ਓ ਦੁਬਾਰਾ ਸਹੀ ਕਰਕੇ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਵਾ ਦਿੱਤਾ ਜਾਵੇਗਾ।