ਗੁਰੂ ਤੇਗ ਬਹਾਦਰ ਨੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ: ਗੁਰਵਿੰਦਰ ਸਿੰਘ
ਭਾਈ ਕਨ੍ਹਈਆ ਸੇਵਾ ਸਮਿਤੀ ਦੇ ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਕਿਸੇ ਇੱਕ ਧਰਮ ਜਾਂ ਭਾਈਚਾਰੇ ਨਾਲ ਜੋੜਨਾ ਉਨ੍ਹਾਂ ਦੀ ਸ਼ਹਾਦਤ ਨੂੰ ਸੀਮਤ ਕਰਨਾ ਹੈ ਕਿਉਂਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਸ਼ਹਾਦਤ ਦਿੱਤੀ ਸੀ। ਉਹ ਗੁਰੂ ਜੀ ਦੇ ਸ਼ਹੀਦੀ ਪੁਰਬ ਸਬੰਧੀ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਸਰਪ੍ਰਸਤੀ ਹੇਠ ਪੰਜਾਬੀ ਲੇਖਕ ਸਭਾ ਸਿਰਸਾ ਅਤੇ ਪੰਜਾਬੀ ਵਿਭਾਗ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਦੇ ਸਹਿਯੋਗ ਨਾਲ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ’ਚ ‘ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਅਤੇ ਸ਼ਹੀਦੀ’ ਵਿਸ਼ੇ ’ਤੇ ਕੌਮੀ ਸੈਮੀਨਾਰ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪ੍ਰੋ. ਰਤਨ ਸਿੰਘ ਢਿੱਲੋਂ, ਪ੍ਰੋ. ਗੁਰਦੇਵ ਸਿੰਘ ਦੇਵ ਵੀ ਹਾਜ਼ਰ ਸਨ। ਇਸ ਦੌਰਾਨ ਸੀ ਡੀ ਐੱਲ ਯੂ ਦੇ ਪੰਜਾਬੀ ਵਿਭਾਗ ਦੇ ਪ੍ਰੋ. ਗੁਰਸਾਹਿਬ ਸਿੰਘ ਤੇ ਪ੍ਰੋ. ਡਾ. ਕਰਨੈਲ ਚੰਦ ਨੇ ਵੀ ਵਿਚਾਰ ਰੱਖੇ। ਸੈਸ਼ਨ ਦਾ ਸੰਚਾਲਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਡਾ. ਬੀਰਬਲ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਧਰਮ ਨਿਰਪੱਖ ਰਹਿੰਦੇ ਹੋਏ ਮਨੁੱਖੀ ਕਦਰਾਂ ਕੀਮਤਾਂ ਦਾ ਸਮਰਥਨ ਕੀਤਾ। ਅਮਨਦੀਪ ਕੌਰ ਨੇ ਪੇਪਰ ਪੜ੍ਹਿਆ।
ਸੈਮੀਨਾਰ ਦੇ ਦੂਜੇ ਦਿਨ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਡਾ. ਸਰਬਜੀਤ ਸਿੰਘ, ਕਾਮਰੇਡ ਸਵਰਨ ਸਿੰਘ ਵਿਰਕ, ਗੁਲਜ਼ਾਰ ਸਿੰਘ ਪੰਧੇਰ, ਪ੍ਰਿੰਸੀਪਲ ਅਰਵੇਲ ਸਿੰਘ ਵਿਰਕ, ਗੁਰਪ੍ਰੀਤ ਸਿੰਧਰਾ, ਡਾ. ਅੰਸ਼ੁਲ ਛਤਰਪਤੀ, ਸੁਰਜੀਤ ਸਿੰਘ ਸਿਰੜੀ ਆਦਿ ਸਣੇ ਸਾਹਿਤਕਾਰ ਤੇ ਹੋਰ ਪਤਵੰਤੇ ਹਾਜ਼ਰ ਹੋਏ।