ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਇੱਥੇ ਤਖ਼ਤ ਦਮਦਮਾ ਸਾਹਿਬ ਵਿਖੇ ਅੱਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਅਖੰਡ ਪਾਠਾਂ ਦੇ ਭੋਗ ਪਾਏ ਗਏ। ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਵਿਸ਼ਵ ਭਰ ਦੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਕੀਤਾ। ਭਾਈ ਜਗਤਾਰ ਸਿੰਘ ਨੇ ਗੁਰ ਇਤਿਹਾਸ ਬਾਰੇ ਸੰਗਤ ਨੂੰ ਚਾਨਣਾ ਪਾਇਆ। ਇਸ ਮੌਕੇ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਵੀ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤ ਨੇ ਤਖ਼ਤ ਸਾਹਿਬ ਅਤੇ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਸਮਾਗਮਾਂ ਵਿੱਚ ਸਹਿਯੋਗ ਦੇਣ ਵਾਲੀ ਸੰਗਤ ਦਹ ਸਨਮਾਨ ਕੀਤਾ ਗਿਆ।
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਵੀ ਪ੍ਰਕਾਸ਼ ਪੁਰਬ ਮਨਾਇਆ ਗਿਆ। ਅਖੰਡ ਪਾਠਾਂ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ ਤੇ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਸਕੂਲ ਮੈਨੇਜਰ ਰਣਜੀਤ ਸਿੰਘ ਮਲਕਾਣਾ ਅਤੇ ਪ੍ਰਿੰਸੀਪਲ ਗੁਰਮੀਤ ਕੌਰ ਨੇ ਸਭ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਗੁਰਦੁਆਰਾ ਤ੍ਰਿਵੈਣੀ ਸਾਹਿਬ ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿੱਚ ਰਾਤ ਭਰ ਲੰਗਰ ਚੱਲਦੇ ਰਹੇ ਅਤੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਖਹਿਰਾ, ਬਾਬਾ ਨਿਰਮਲ ਸਿੰਘ ਗ੍ਰੰਥੀ, ਬਾਬਾ ਨਗਿੰਦਰ ਸਿੰਘ, ਸਰਪੰਚ ਨਾਜ਼ਮ ਸਿੰਘ, ਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਮਲਕੀਤ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ। ਆਰ ਪੀ ਇੰਟਰਨੈਸ਼ਨਲ ਸਕੂਲ ਵਿੱਚ ਵੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ। ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਅਤੇ ਪ੍ਰਿੰਸੀਪਲ ਅਨੁਜ ਸ਼ਰਮਾ ਸਣੇ ਸਮੂਹ ਸਟਾਫ਼ ਹਾਜ਼ਰ ਸੀ। ਇਸ ਤੋਂ ਇਲਾਵਾ ਪਿੰਡ ਉੱਗੋਕੇ, ਜਗਜੀਤਪੁਰਾ, ਬੁਰਜ ਫ਼ਤਹਿਗੜ੍ਹ, ਬੱਲੋਕੇ ਆਦਿ ਵਿੱਚ ਵੀ ਗੁਰ ਪੁਰਬ ਮਨਾਇਆ ਗਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ਹਿਰ ਦੇ ਦਸਮੇਸ਼ ਨਗਰ ਵਿੱਚ ਸਥਿਤ ਬਾਬਾ ਭਾਈ ਗੁਰਦਾਸ ਭਵਨ ਮਾਨਸਾ ਵਿੱਚ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਸਾਡੇ ਸਮਾਜ ਵਿੱਚ ਨਸ਼ਿਆਂ ਅਤੇ ਅਲਾਮਤਾਂ ਵਧ ਰਹੀਆਂ ਹਨ ਤਾਂ ਸਾਨੂੰ ਰਲ-ਮਿਲ ਗੁਰੂਆਂ ਦੇ ਸਮਾਗਮ ਕਰ ਕੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਭਵਨ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਭਾਜਪਾ ਨੇਤਾ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ, ਡਾ. ਜਨਕ ਰਾਜ ਸਿੰਗਲਾ, ਕੌਂਸਲਰ ਕੁਲਵਿੰਦਰ ਕੌਰ ਮਹਿਤਾ ਨੇ ਭਾਈ ਗੁਰਦਾਸ ਭਵਨ ਮਾਨਸਾ ਦੀ ਉਸਾਰੀ ਵਿੱਚ ਯੋਗਦਾਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਵੰਤ ਸਿੰਘ ਭੀਖੀ, ਮੇਜਰ ਸਿੰਘ, ਦਰਸ਼ਨ ਸਿੰਘ ਸੁਪਰਡੈਂਟ, ਗੁਰਦੀਪ ਸਿੰਘ ਸਿੱਧੂ, ਮਾਸਟਰ ਤੇਜਾ ਸਿੰਘ, ਮਾਸਟਰ ਹਰਦੀਪ ਸਿੰਘ, ਗੁਰਦੀਪ ਸਿੰਘ ਮਾਨ ਵੀ ਮੌਜੂਦ ਸਨ।
ਇਸੇ ਦੌਰਾਨ ਗੁਰਦੁਆਰਾ ਸੰਘ ਸਭਾ ਮਾਨਸਾ ਵਿੱਚ ਸੰਗਤ ਨੇ ਖੂਨਦਾਨ ਕੈਂਪ ਲਾਇਆ। ਇਸ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ, ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਐੱਸ ਜੀ ਪੀ ਸੀ ਮੈਂਬਰ ਮਿੱਠੂ ਸਿੰਘ ਕਾਹਨਕੇ, ਰਘਵੀਰ ਸਿੰਘ ਮਾਨ, ਬੂਟਾ ਸਿੰਘ, ਜਸਵੀਰ ਸਿੰਘ ਖਾਲਸਾ, ਸ਼ਾਮ ਲਾਲ ਗੋਇਲ, ਬਲਜੀਤ ਕੜਵਲ, ਇੰਦਰਜੀਤ ਮੁਨਸ਼ੀ ਨੇ ਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਤਪਾ ਮੰਡੀ (ਸੀ ਮਾਰਕੰਡਾ): ਸਥਾਨਕ ਗੁਰਦੁਆਰਾ ਸਿੰਘ ਸਭਾ ਤਪਾ ਵੱਲੋਂ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਕਥਾ ਵਾਚਕ ਭਾਈ ਹਰਦੀਪ ਸਿੰਘ, ਹੈੱਡ ਗ੍ਰੰਥੀ ਸਿੰਦਰ ਸਿੰਘ, ਗੁਰਜੰਟ ਸਿੰਘ ਨੇ ਗੁਰੂ ਨਾਨਕ ਦੇਵ ਦੇ ਜੀਵਨ ਬਾਰੇ ਸੰਗਤ ਨੂੰ ਚਾਨਣਾ ਪਾਇਆ। ਗੁਰਦੁਆਰੇ ਨੂੰ ਲਾਈਟਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ ਬੂਟੀ ਕਾ, ਸਕੱਤਰ ਬੇਅੰਤ ਮਾਂਗਟ, ਜਸਵਿੰਦਰ ਸਿੰਘ ਚੱਠਾ, ਨਰਾਇਣ ਸਿੰਘ ਪੰਧੇਰ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਅੱਜ ਸ਼ਹੀਦ ਭਗਤ ਸਿੰਘ ਆਈ ਟੀ ਓ ਟੀ (ਸੀ ਆਈ ਟੀ ਐੱਸ) ਵਿੱਚ ਮਨਾਇਆ ਗਿਆ। ਇਸ ਮੌਕੇ ’ਤੇ ਸੰਸਥਾ ਦੇ ਚੇਅਰਮੈਨ ਡਾ. ਸੋਹਨ ਲਾਲ ਸਿੰਗਲਾ ਤੇ ਉਨ੍ਹਾਂ ਦੀ ਪਤਨੀ ਦਰਸ਼ਨਾ ਸਿੰਗਲਾ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਮਾਜ ਵਿੱਚ ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਖੇਤਰ ਦੇ ਪਿੰਡ ਚੋਰਮਾਰ ਖੇੜਾ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਵਿਦਿਆਰਥੀਆਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਸ਼ਬਦ ਕੀਰਤਨ ਕੀਤਾ। ਸਮਾਗਮ ਵਿੱਚ ਗੁਰਦੁਆਰਾ ਚੋਰਮਾਰ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਦੀ ਬਾਣੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ।
ਮਰੀਜ਼ਾਂ ਨੂੰ ਦੁੱਧ ਅਤੇ ਫਲ ਵੰਡੇ
ਜ਼ੀਰਾ (ਹਰਮੇਸ਼ ਪਾਲ ਨੀਲੇਵਾਲ): ਸਹਾਰਾ ਕਲੱਬ ਜ਼ੀਰਾ ਵੱਲੋਂ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸਿਵਲ ਹਸਪਤਾਲ ਜ਼ੀਰਾ, ਸਹਾਰਾ ਹਸਪਤਾਲ, ਸੁਖਮਨੀ ਹਸਪਤਾਲ, ਦੀਪ ਹਸਪਤਾਲ ਆਦਿ ਵਿੱਚ ਦਾਖ਼ਲ ਮਰੀਜ਼ਾਂ, ਸਟਾਫ ਮੈਂਬਰਾਂ ਅਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਫਲ ਅਤੇ ਦੁੱਧ ਵੰਡ ਕੇ ਮਨਾਇਆ ਗਿਆ। ਕਲੱਬ ਵੱਲੋਂ ਸਿਵਲ ਹਸਪਤਾਲ ਜ਼ੀਰਾ ਵਿੱਚ ਨਵਜੰਮੇ ਬੱਚਿਆਂ ਨੂੰ ਸ਼ਗਨ ਦਿੱਤਾ ਗਿਆ। ਇਸ ਮੌਕੇ ਜਨਰਲ ਸਕੱਤਰ ਹਰਬੰਸ ਸਿੰਘ ਸੇਖਾ, ਸਰਪ੍ਰਸਤ ਨਛੱਤਰ ਸਿੰਘ, ਚੇਅਰਮੈਨ ਗੁਰਬਖਸ਼ ਸਿੰਘ, ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ, ਜਸਵੰਤ ਸਿੰਘ ਨਾਮਦੇਵ, ਖਜਾਨਚੀ ਜਸਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਮਨਮੀਤ ਸਿੰਘ ਸੱਗੂ ਆਦਿ ਹਾਜ਼ਰ ਸਨ।
ਸੇਂਟ ਕਬੀਰ ਸਕੂਲ ’ਚ ਵਿਦਿਆਰਥੀਆਂ ਨੇ ਕੀਰਤਨ ਕੀਤਾ
ਭੁੱਚੋ ਮੰਡੀ (ਪਵਨ ਗੋਇਲ): ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ। ਇਸ ਮੌਕੇ ਵਿਦਿਆਰਥੀਆਂ ਤੋਂ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਸਬੰਧਤ ਸਵਾਲ ਪੁੱਛੇ ਗਏ। ਕੁਲਵੰਤ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਾਮ ਜਪੋ, ਵੰਡ ਛਕੋ ਅਤੇ ਕੀਰਤ ਦੀ ਪਾਲਣਾ ਕਰਨ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਐੱਮ ਡੀ ਪ੍ਰੋ. ਐੱਮ ਐੱਲ ਅਰੋੜਾ, ਡਾਇਰੈਕਟਰ ਡਾ. ਨੰਦਿਤਾ ਗਰੋਵਰ, ਪ੍ਰਿੰਸੀਪਲ ਕੰਚਨ, ਮੁੱਖ ਅਧਿਆਪਕਾ ਸੋਨੀਆ ਧਵਨ ਅਤੇ ਰਚਨਾ ਜਿੰਦਲ, ਸ਼ਾਲੂ, ਜੇ ਐੱਸ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
