ਬਠਿੰਡਾ ’ਚ ਪਲਾਜ਼ਾ ਬਣਾਉਣ ਲਈ ਹਰੀ ਝੰਡੀ
ਇੱਥੇ ਰੋਜ਼ ਗਾਰਡਨ ਨੇੜੇ ਲੰਮੇ ਅਰਸੇ ਤੋਂ ਉਜਾੜ ਹਾਲਤ ’ਚ ਪਈ ਬਲੂ ਫੌਕਸ ਵਾਲੀ ਜਗ੍ਹਾ ’ਤੇ ਹੁਣ ‘ਬਲੂ ਫੌਕਸ ਪਲਾਜ਼ਾ’ ਬਣਾਇਆ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਲਦੀ ਹੀ ਨਗਰ ਸੁਧਾਰ ਟਰੱਸਟ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰੇਗਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 17 ਅਕਤੂਬਰ ਨੂੰ ਇਸ ਬਹੁ ਕਰੋੜੀ, ਚਰਚਿਤ ਅਤੇ ਬੇਸ਼-ਕੀਮਤੀ ਪ੍ਰਾਜੈਕਟ ਨੂੰ ਪਾਸ ਕਰ ਦਿੱਤਾ ਸੀ ਅਤੇ ਹੁਣ ਬਕਾਇਦਾ ਰੂਪ ’ਚ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸ੍ਰੀ ਭੱਲਾ ਨੇ ਦੱਸਿਆ ਕਿ ਭਾਵੇਂ ਬਲੂ ਫੌਕਸ ਵਾਲੀ ਜਗ੍ਹਾ ਉਂਜ ਤਾਂ ਕਰੀਬ ਚਾਰ ਏਕੜ ਹੈ, ਪਰ ਇਸ ’ਚੋਂ ਇੱਕ ਏਕੜ ਥਾਂ ਉੱਪਰ 26 ਸ਼ੋਅ ਰੂਮ ਬਣਾਏ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਾਰਕੀਟ ਕੀਮਤ ਕਰੀਬ 100 ਕਰੋੜ ਰੁਪਏ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲੱਗਣਗੇ, ਉੱਥੇ ਨਗਰ ਸੁਧਾਰ ਟਰੱਸਟ ਦੀ ਆਮਦਨ ਵਿੱਚ ਵੀ ਇਜ਼ਾਫ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਤਤਕਾਲੀ ਰਾਜ ਸਰਕਾਰਾਂ ਦੀ ‘ਨਲਾਇਕੀ’ ਕਾਰਨ ਇਹ ਕੰਮ ਡੇਢ ਦਹਾਕੇ ਤੋਂ ਲਟਕਦਾ ਆ ਰਿਹਾ ਸੀ। ਸ੍ਰੀ ਭੱਲਾ ਨੇ ਕਿਹਾ ਕਿ ਇਹ ਪ੍ਰਾਜੈਕਟ ਵੀ ਉਨ੍ਹਾਂ ਦੇ ਕੁਝ ਸੁਪਨਮਈ ਪ੍ਰਾਜੈਕਟਾਂ ’ਚੋਂ ਇੱਕ ਸੀ ਅਤੇ ਉਨ੍ਹਾਂ ਖੁਦ ਸਰਕਾਰ ਤੱਕ ਉਚੇਚੀ ਪਹੁੰਚ ਕਰਕੇ ਇਸ ਨੂੰ ਮਨਜ਼ੂਰੀ ਦੁਆਈ ਹੈ।
