ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਨਖਾਹਾਂ ਲੈਣ ਲਈ ਧਰਨੇ ’ਤੇ ਡਟੇ ਦਰਜਾ ਚਾਰ ਮੁਲਾਜ਼ਮ

ਅਧਿਕਾਰੀਆਂ ਨਾਲ ਆਗੂਆਂ ਦੀ ਮੀਟਿੰਗ ਰਹੀ ਬੇਸਿੱਟਾ; ਸ਼ਹਿਰ ਵਿੱਚ ਲੱਗੇ ਕੂਡ਼ੇ ਦੇ ਢੇਰ
Advertisement

ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਦਿੱਤੇ ਜਾਣ ਵਿਰੁੱਧ ਦਫਤਰ ਅੱਗੇ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਪੱਪੂ ਰਾਮ, ਆਗੂ ਦਿਲਬਾਗ ਰਾਏ, ਰਮੇਸ਼ ਸੰਜੂ, ਹਰਦੇਵ ਸਿੰਘ, ਬਜਿੰਦਰ ਸਿੰਘ, ਲਛਮਣ ਦਾਸ, ਆਸ਼ੂ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਤੋਂ ਧਰਨਾ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਤਰੁਣ ਕੁਮਾਰ ਦਫਤਰ ਨਹੀਂ ਆਏ। ਉਨ੍ਹਾਂ ਕਿਹਾ ਕਿ ਅੱਜ ਤਲਵੰਡੀ ਸਾਬੋ ਤੋਂ ਜੇਈ ਦਵਿੰਦਰ ਸ਼ਰਮਾ ਦਫ਼ਤਰ ਵਿੱਚ ਆਏ ਸਨ। ਉਨ੍ਹਾਂ ਆਗੂਆਂ ਨਾਲ ਮੀਟਿੰਗ ਕਰਕੇ ਇੱਕ ਹਫ਼ਤੇ ਤੱਕ ਸਾਰੀਆਂ ਤਨਖਾਹਾਂ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਚਾਰ ਮਹੀਨਿਆਂ ਦੀ ਤਨਖਾਹ ਰੁਕਣ ਕਾਰਨ ਘਰਾਂ ਦੇ ਖਰਚੇ ਚਲਾਉਣੇ ਅੱਜ ਮੁਸ਼ਕਿਲ ਹੋਏ ਪਏ ਹਨ। ਮੁਲਾਜ਼ਮ ਇੱਕ ਹਫਤਾ ਪੈਸਿਆਂ ਬਿਨਾਂ ਕਿਵੇਂ ਸਾਰ ਸਕਦੇ ਹਨ? ਉਨ੍ਹਾਂ ਕਿਹਾ ਕਿ ਹੁਣ ਤਾਂ ਦੁਕਾਨਦਾਰ ਹੋਰ ਉਧਾਰ ਦੇਣ ਤੋਂ ਵੀ ਜਵਾਬ ਦੇਣ ਲੱਗ ਪਏ ਹਨ। ਸਾਰੇ ਪਰਿਵਾਰਾਂ ਦਾ ਆਰਥਿਕ ਤੌਰ ’ਤੇ ਬੁਰਾ ਹਾਲ ਹੋਇਆ ਪਿਆ ਹੈ। ਅੱਜ ਦੇ ਧਰਨੇ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਸ਼ੋਕ ਕੁਮਾਰ ਸਾਰਵਾਨ, ਸਲਾਹਕਾਰ ਕੁਲਦੀਪ ਸ਼ਰਮਾ ਅਤੇ ਖਜ਼ਾਨਚੀ ਰਮੇਸ਼ ਵੈਦ ਸ਼ਾਮਲ ਹੋਏ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੀ ਸਾਰੇ ਆਗੂ ਉਨ੍ਹਾਂ ਦੇ ਧਰਨੇ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਮੁਲਾਜ਼ਮਾਂ ਨੂੰ ਲਾਮਬੰਦ ਕਰਦਿਆਂ 10 ਦਸੰਬਰ ਨੂੰ ਧੂਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਹੋਣ ਵਾਲੀ ਮਹਾਰੈਲੀ ਵਿੱਚ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਧਾਰਨਾਕਾਰੀਆਂ ਨੇ ਮੰਗ ਕੀਤੀ ਕਿ ਪਿਛਲੇ ਚਾਰ ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇ ਅਤੇ ਚਾਰ ਸਾਲਾਂ ਦਾ ਬਣਦਾ ਪੀ ਐੱਫ ਜਮ੍ਹਾਂ ਕਰਵਾਇਆ ਜਾਵੇ, ਗਰਮ ਅਤੇ ਠੰਢੀ ਵਰਦੀ ਦਿੱਤੀ ਜਾਵੇ, ਪੱਕੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦਾ ਪੰਜ ਸਾਲਾਂ ਤੋਂ ਛੇਵੇਂ ਪੇਅ ਕਮਿਸ਼ਨ ਦਾ ਬਕਾਇਆ ਡੀਏ ਦਿੱਤਾ ਜਾਵੇ, ਤਰਸ ਦੇ ਆਧਾਰ ’ਤੇ ਦਿੱਤੀ ਨੌਕਰੀ ਦਾ ਬਣਦਾ ਬਕਾਇਆ ਦਿੱਤਾ ਜਾਵੇ, ਸੀਨੀਅਰ ਮੁਲਾਜ਼ਮਾਂ ਨੂੰ ਬਣਦੀ ਤਰੱਕੀ ਦਿੱਤੀ ਜਾਵੇ, ਸਫਾਈ ਸੇਵਕ ਹਰਦੇਵ ਸਿੰਘ ਦੇ ਮੈਡੀਕਲ ਇਲਾਜ ਦਾ ਬਿੱਲ ਅਦਾ ਕੀਤਾ ਜਾਵੇ, ਆਊਟਸੋਰਸਜ਼ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ’ਤੇ ਕੀਤਾ ਜਾਵੇ ਹਰ ਤਨਖਾਹ ਸਮੇਂ ਸਿਰ ਦਿੱਤੀ ਜਾਵੇ, ਟਰੈਕਟਰ ਡਰਾਈਵਰਾਂ ਨੂੰ ਡੀ ਸੀ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ। ਇਸ ਸਬੰਧੀ ਕਾਰਜਸਾਧਕ ਅਫਸਰ ਨੂੰ ਵਾਰ ਵਾਰ ਫੋਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement
Advertisement
Show comments