ਹੜ੍ਹ ਪੀੜਤਾਂ ਨੂੰ ਡੀਜ਼ਲ ਵਾਲਾ ਟੈਕਸ ਮੁਆਫ਼ ਕਰੇ ਸਰਕਾਰ: ਸ਼ਿੰਗਾਰਾ ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਭੁੱਚੋ ਖੁਰਦ ਵਿੱਚ ਜ਼ਿਲਾ ਪੱਧਰੀ ਇਕੱਤਰਤਾ ਕੀਤੀ ਗਈ। ਇਸ ਮੌਕੇ ਆਗੂਆਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚਲਾਈ ਮੁਹਿੰਮ ਤਹਿਤ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਨ ਲਈ 23 ਅਕਤੂਬਰ ਨੂੰ ਟਰੈਕਟਰ ਭੇਜਣ ਦੀ ਵਿਉਂਤਬੰਦੀ ਕੀਤੀ ਗਈ। ਜਿਸ ਵਿੱਚ ਬਠਿੰਡਾ, ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆਂ ਤੋਂ ਸੈਂਕੜੇ ਟਰੈਕਟਰ ਭੇਜੇ ਜਾਣਗੇ ਅਤੇ ਜਥੇਬੰਦੀ ਦੀ ਸਮਰੱਥਾ ਅਨੁਸਾਰ ਕਣਕ ਦਾ ਬੀਜ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜਾਂ ਨੂੰ ਕੌਮੀ ਆਫਤ ਮੰਨ ਕੇ ਇਸ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜ਼ਿਆਦਾ ਮੀਹਾਂ ਕਾਰਨ ਹੋਏ ਘਰਾਂ, ਪਸ਼ੂਆਂ, ਫਸਲਾਂ ਅਤੇ ਜਾਨੀ ਨੁਕਸਾਨ ਦੀ ਵੀ ਪੂਰੀ ਭਰਪਾਈ ਕੀਤੀ ਜਾਵੇ। ਹੜ੍ਹਾਂ ਕਾਰਨ ਉੱਚੀ- ਨੀਵੀਂ ਹੋਈ ਜ਼ਮੀਨ ਪੱਧਰੀ ਕਰਨ ਅਤੇ ਬਿਜਾਈ ਲਈ ਡੀਜ਼ਲ ’ਤੇ ਦੋਵੇਂ ਸਰਕਾਰਾਂ ਵੱਲੋਂ ਲਾਇਆ 56 ਰੁਪਏ ਪ੍ਰਤੀ ਲਿਟਰ ਵਾਲਾ ਟੈਕਸ ਖ਼ਤਮ ਕੀਤਾ ਜਾਵੇ। ਇਸ ਮੌਕੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ, ਕਰਮਜੀਤ ਕੌਰ ਲਹਿਰਾਖਾਨਾ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀ ਖੁਰਦ ਸਮੇਤ ਬਲਾਕਾਂ ਅਤੇ ਪਿੰਡਾਂ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।