ਸਰਕਾਰ ਹੜ੍ਹ ਪੀੜਤਾਂ ਤੱਕ ਰਾਹਤ ਸਮੱਗਰੀ ਨਹੀਂ ਪਹੁੰਚਾ ਰਹੀ: ਜ਼ੀਰਾ
ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ’ਚ ਹੜ੍ਹਾਂ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡ ਚੱਕ ਖੰਨਾ, ਵਾੜਾ ਕਾਲੀ ਰੌਣ, ਮਾਹਲੇ ਵਾਲਾ, ਲਾਲੂ ਵਾਲਾ, ਸਾਂਦੜ ਕੇ, ਟਿੱਬੀ ਰੰਗਾ, ਮਹਿਮੂਦ ਵਾਲਾ, ਭੂਪੇ ਵਾਲਾ ਅਤੇ ਰੁਕਣੇ ਵਾਲਾ ਵਿੱਚ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਲੋਕਾਂ ਤੱਕ ਨਹੀਂ ਪਹੁੰਚਾ ਰਹੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਅਜਿਹੇ ਸਮੇਂ ਵਿੱਚ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕਰ ਲੈਂਦੀਆਂ ਸਨ ਤਾਂ ਜੋ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਲਈ ਪ੍ਰਬੰਧਕ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ, ਉਦਯੋਗ, ਮਜ਼ਦੂਰ ਅਤੇ ਆਮ ਲੋਕ ਹੜ੍ਹਾਂ ਤੋਂ ਪੀੜ੍ਹਿਤ ਹਨ, ਜਿਨ੍ਹਾਂ ਦੀਆਂ ਫਸਲਾਂ, ਘਰ-ਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਮਰ ਗਏ ਹਨ। ਉਨ੍ਹਾਂ ਕਿਹਾ ਕਿ
ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ ਅਜੇ ਤੱਕ ਸਰਕਾਰ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਵਿਚ ਅਸਫ਼ਲ ਰਹੀ ਹੈ ਜਿਸ ਕਾਰਨ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਹ ਹੈ। ਸ੍ਰੀ ਜ਼ੀਰਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਗਿਰਦਾਵਰੀਆਂ ਕਰਵਾ ਕੇ ਪੀੜਤ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਲੋਕ ਇਸ ਮੁਸ਼ਕਲ ਦੀ ਘੜੀ ਵਿਚੋਂ ਨਿਕਲ ਸਕਣ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ ਨਾਲ ਖੜ੍ਹੀ ਹੈ।