ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਉੱਗੋਕੇ
ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਭਦੌੜ ’ਚ ਡਾਕਟਰ ਦੀ ਘਾਟ ਵਿਧਾਇਕ ਲਾਭ ਸਿੰਘ
ਉਗੋਕੇ ਦੇ ਯਤਨ ਸਦਕਾ ਪੂਰੀ ਹੋ ਗਈ। ਅੱਜ ਹਸਪਤਾਲ ਵਿੱਚ ਵਿਧਾਇਕ ਲਾਭ ਸਿੰਘ ਉਗੋਕੇ ਦੀ ਹਾਜ਼ਰੀ ਵਿੱਚ ਡਾ. ਅਤਿੰਦਰਪਾਲ ਸਿੰਘ, ਡਾ. ਪ੍ਰਭਸਿਮਰਨ ਸਿੰਘ, ਡਾ. ਨਿਰਮਲ ਸਿੰਘ, ਡਾ. ਗੁਰਲੀਨ ਕੌਰ ਅਤੇ ਡਾ. ਅਨੀਕੇਤ (ਐੱਮ ਬੀ ਐੱਸ) ਨੇ ਜੁਆਇਨ ਕਰ ਲਿਆ ਹੈ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਬੜੇ ਚਿਰ ਤੋਂ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਰੜਕ ਰਹੀ ਸੀ। ਹੁਣ ਪੰਜ ਡਾਕਟਰ ਆਉਣ ਨਾਲ ਮਰੀਜ਼ਾ ਨੂੰ ਪੂਰੀ ਸਹੂਲਤ ਮਿਲੇਗੀ ਅਤੇ ਐਮਰਜੈਂਸੀ 24 ਘੰਟੇ ਚੱਲੇਗੀ। ਇਸ ਤੋਂ ਇਲਾਵਾ ਭਦੌੜ ਵਿੱਚ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਇੱਕ ਹੋਰ ਮੁਹੱਲਾਂ ਕਲੀਨਕ ਹੋਰ ਖੋਲਿਆ ਜਾ ਰਿਹਾ ਹੈ। ਹਸਪਤਾਲ ਵਿੱਚ 40 ਲੱਖ ਰੁਪਏ ਦੀ ਲਾਗਤ ਨਵੀਂ ਡਿਜੀਟਲ ਐਕਸ-ਰੇ ਮਸ਼ੀਨ ਆ ਰਹੀ ਹੈ ਅਤੇ 7 ਕਰੋੜ ਰੁਪਏ ਨਵੀਂ ਬਿਲਡਿੰਗ ਲਈ ਜਾਰੀ ਹੋ ਚੁੱਕੇ ਹਨ ਜਿਸ ਦਾ ਕੰਮ ਜਲਦ ਸ਼ੁਰੂ ਹੋਵੇਗਾ। ਇੱਕ ਸਵਾਲ ਦੇ ਜੁਆਬ ਵਿਚ ਵਿਧਾਇਕ ਉੱਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਹਤਰ ਸਿਹਤ ਸਹੂਲਤਾਂ ਲਈ ਨਵਾਂ ਪ੍ਰੋਗਰਾਮ ਸੁਪਰ ਐਕਸੀਲੈਂਸ ਲਿਆਂਦਾ ਗਿਆ ਹੈ ਜਿਸ ਤਹਿਤ 140 ਹਸਪਤਾਲ ਪਹਿਲੇ ਪੜਾਅ ਵਿਚ ਹੋਣਗੇ ਜਿਸ ਵਿਚ ਭਦੌੜ ਦਾ ਹਸਪਤਾਲ ਵੀ ਹੈ। ਇਸ ਮੌਕੇ ਡਾ. ਬਾਂਕੇ ਬਿਹਾਰੀ, ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ, ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਰਾਜਿੰਦਰ ਗਰਗ ਬਿੰਦਰ, ਚੇਅਰਮੈਨ ਗੁਰਪ੍ਰੀਤ ਸਿੰਘ ਅੰਮ੍ਰਿਤ, ਤਰਲੋਚਨ ਸਿੰਘ ਜੱਗਾ, ਵਿਨੋਦ ਕੁਮਾਰ ਗਰਗ, ਰਾਕੇਸ਼ ਕੁਮਾਰ ਤੇ ਜਸਵੰਤ ਕੌਰ ਆਦਿ ਹਾਜ਼ਰ ਸਨ।