ਪ੍ਰੋਫੈਸਰ ’ਤੇ ਅਸ਼ਲੀਲ ਹਰਕਤਾਂ ਦਾ ਦੋਸ਼
ਸਰਕਾਰੀ ਕਾਲਜ ਦੀ ਪ੍ਰੋਫੈਸਰ ਨੇ ਸੀਐਮ ਵਿੰਡੋ ’ਤੇ ਕੀਤੀ ਸ਼ਿਕਾਇਤ; ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ
Advertisement
ਸਥਾਨਕ ਸਰਕਾਰੀ ਕਾਲਜ ਦੀ ਇੱਕ ਐਸੋਸੀਏਟ ਪ੍ਰੋਫੈਸਰ ਨੇ ਕਾਲਜ ਦੇ ਇੱਕ ਪ੍ਰੋਫੈਸਰ ’ਤੇ ਡਿਊਟੀ ਦੌਰਾਨ ਅਸ਼ਲੀਲ ਤੇ ਅਣਉੱਚਿਤ ਵਿਵਹਾਰ ਕਰਨ ਦੀ ਸੀਐੱਮ ਵਿੰਡੋ ’ਤੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਏਲਨਾਬਾਦ ਥਾਣੇ ’ਚ ਬੀਐਨਐਸ ਦੀ ਧਾਰਾ 74(1)ਆਈ, 61(2) ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਪ੍ਰੋਫੈਸਰ ਨੇ ਕਾਲਜ ਪ੍ਰੋਫੈਸਰ ’ਤੇ ਜਿਨਸੀ ਸ਼ੋਸ਼ਣ, ਅਸ਼ਲੀਲ ਇਸ਼ਾਰੇ ਤੇ ਅਸ਼ਲੀਲ ਵਿਵਹਾਰ ਸਣੇ ਸਮੇਤ ਗੰਭੀਰ ਦੋਸ਼ ਲਾਏ ਹਨ। ਉਸ ਨੇ ਕਾਲਜ ਪ੍ਰਿੰਸੀਪਲ ਤੇ ਉਕਤ ਪ੍ਰੋਫੈਸਰ ਨੂੰ ਬਚਾਉਣ, ਸਬੂਤ ਲੁਕਾਉਣ ਤੇ ਨਸ਼ਟ ਕਰਨ ਤੇ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਵੀ ਦੋਸ਼ ਲਾਇਆ ਹੈ। ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ 19 ਜੁਲਾਈ ਨੂੰ ਉਕਤ ਪ੍ਰੋਫੈਸਰ ਨੇ ਕਾਲਜ ਕੈਂਪਸ ’ਚ ਉਸ ਨਾਲ ਅਸ਼ਲੀਲ ਵਿਵਹਾਰ ਕੀਤਾ। ਪੀੜਤਾ ਨੇ ਦਾਅਵਾ ਕੀਤਾ ਕਿ ਇਹ ਘਟਨਾ ਇੱਕ ਪ੍ਰੋਫੈਸਰ ਦੇ ਸਾਹਮਣੇ ਵਾਪਰੀ ਤੇ ਸੀਸੀਟੀਵੀ ਕੈਮਰੇ ’ਚ ਰਿਕਾਰਡ ਵੀ ਹੋਈ ਸੀ ਪਰ ਪ੍ਰਿੰਸੀਪਲ ਨੇ ਫੁਟੇਜ ਨਹੀਂ ਦਿੱਤੀ ਤੇ ਸਬੂਤ ਨਸ਼ਟ ਕੀਤੇ ਜਾ ਰਹੇ ਹਨ। ਮਹਿਲਾ ਪ੍ਰੋਫੈਸਰ ਨੇ ਦੋਸ਼ ਲਾਇਆ ਕਿ ਪ੍ਰਿੰਸੀਪਲ ਨੇ ਉਸ ਨੂੰ ਤੇ ਗਵਾਹ ਨੂੰ ਡਰਾਉਣ ਤੇ ਗੈਰਕਾਨੂੰਨੀ ਦਬਾਅ ਪਾਉਣ ਲਈ ਝੂਠੇ ਮੀਮੋ ਵੀ ਜਾਰੀ ਕੀਤੇ। ਮਾਨਸਿਕ ਤਣਾਅ ਤੇ ਪ੍ਰੇਸ਼ਾਨੀ ਕਾਰਨ ਉਸ ਨੂੰ ਹਸਪਤਾਲ ’ਚ ਦਾਖਲ ਹੋਣਾ ਪਿਆ। ਇਲਾਜ ਕਰਵਾਉਣ ਲਈ ਇੱਕ ਮਹੀਨੇ ਦੀ ਛੁੱਟੀ ਲੈਣ ਲਈ ਮਜਬੂਰ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਉਸਦਾ ਵਿੱਤੀ ਨੁਕਸਾਨ ਵੀ ਹੋਇਆ ਹੈ। ਪੀੜਤਾ ਨੇ ਮੰਗ ਕੀਤੀ ਕਿ ਉਕਤ ਪ੍ਰੋਫੈਸਰ ਤੇ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ। ਉਸ ਨੇ ਸੁਰੱਖਿਆ ਦੀ ਮੰਗ ਵੀ ਕੀਤੀ।
Advertisement
Advertisement