ਫੇਸਬੁੱਕ ’ਤੇ ਦੋਸਤ ਬਣੀ ਲੜਕੀ ਨੇ 12 ਲੱਖ ਰੁਪਏ ਠੱਗੇ
ਇਥੇ ਵਾਰਡ 21 ਦੇ ਵਸਨੀਕ ਨੌਜਵਾਨ ਪਲਵਿੰਦਰ ਸਿੰਘ ਲਈ ਅਣਜਾਣ ਲੜਕੀ ਨੂੰ ਫੇਸਬੁੱਕ ’ਤੇ ਦੋਸਤ ਬਣਾਉਣਾ ਮਹਿੰਗਾ ਪੈ ਗਿਆ। ਆਨ-ਲਾਈਨ ਦੋਸਤ ਬਣੀ ਲੜਕੀ ਨੇ ‘ਕ੍ਰਿਪਟੋ ਕਰੰਸੀ’ ਜ਼ਰੀਏ ਕਰੋੜਾਂ ਰੁਪਏ ਦੇ ਮੁਨਾਫ਼ੇ ਦਾ ਲਾਲਚ ਦੇ ਕੇ ਉਸ ਤੋਂ 12 ਲੱਖ ਰੁਪਏ ਠੱਗ ਲਏ। ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਸਿਟੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਬੀਤੀ 2 ਜੂਨ ਨੂੰ ਪਲਵਿੰਦਰ ਨੇ ਫੇਸਬੁੱਕ ’ਤੇ ‘ਨਿਸ਼ਾ ਪਟੇਲ’ ਨਾਮੀ ਪ੍ਰੋਫ਼ਾਈਲ ’ਤੇ ਦੋਸਤੀ ਲਈ ਰਿਕਵੇਸਟ ਭੇਜੀ ਜਿਸ ਤੋਂ ਬਾਅਦ ਗੱਲਬਾਤ ਦੌਰਾਨ ਲੜਕੀ ਨੇ ਖੁਦ ਵਰਲੀ (ਮੁੰਬਈ) ਦੀ ਵਸਨੀਕ ਅਤੇ ਯੂ ਕੇ ਤੋਂ 3-ਡੀ ਫੈਸ਼ਨ ਡਿਜ਼ਾਈਨਿੰਗ ਦੀ ਡਿਗਰੀ ਪਾਸ ਦੱਸਿਆ। ਨਿਸ਼ਾ ਨੇ ਕ੍ਰਿਪਟੋ ਵਿੱਚ ਵੱਡੀ ਕਮਾਈ ਦਾ ਦਾਅਵਾ ਕਰਦਿਆਂ ਐੱਮ ਐਕਸ ਸੀ ਐੱਲ ਪ੍ਰੋ. ਮੈਕਸ ਐਪ ਦਾ ਲਿੰਕ ਭੇਜ ਕੇ ‘ਡੀ ਐੱਮ ਐੱਨ’ ਡਿਜੀਟਲ ਕਰੰਸੀ ’ਚ ਨਿਵੇਸ਼ ਲਈ ਕਿਹਾ। ਪੀੜਤ ਪਲਵਿੰਦਰ ਸਿੰਘ ਮੁਤਾਬਕ ਗੱਲਬਾਤ ਦੌਰਾਨ ਨਿਸ਼ਾ ਦੇ ਉਸ ਦੇ ਮਾਮੇ’ ਅਤੇ ‘ਰਿਆ ਸ਼ਰਮਾ’ ਦਾ ਨਾਂਅ ਵੀ ਸਾਹਮਣੇ ਆਇਆ। ਨਿਸ਼ਾ ਨੇ ਪਲਵਿੰਦਰ ਤੋਂ ਡੀ ਐੱਮ ਐੱਨ ਡਿਜੀਟਲ ਕਰੰਸੀ ਦੀ ਸਰਚ ਕਰਕੇ ਆਪਣੀ ਈ-ਮੇਲ ਨਾਲ ਲੌਗਿਨ ਕਰਨ, ਆਧਾਰ ਅਪਲੋਡ ਕਰਕੇ ਕੇ ਵਾਈ ਸੀ ਪੂਰੀ ਕਰਨ ਲਈ ਕਿਹਾ। ‘ਕਸਟਮਰ ਸਪੋਰਟ’ ਬਣੀ ਰਿਹੂ ਸ਼ਰਮਾ ਦੇ ਕਹਿਣ ’ਤੇ ਪਲਵਿੰਦਰ ਨੇ ਆਪਣੇ ਅਤੇ ਜਾਣ-ਪਛਾਣ ਵਾਲਿਆਂ ਦੇ ਖਾਤਿਆਂ ਰਾਹੀਂ ਕਈ ਕਿਸ਼ਤਾਂ ਵਿੱਚ ਲਗਪਗ 12 ਲੱਖ ਰੁਪਏ ਭੇਜ ਦਿੱਤੇ। ਪੀੜਤ ਦਾ ਕਹਿਣਾ ਹੈ ਕਿ ਇਸ ਮਗਰੋਂ ਨਾਲ ਨਾ ਕੋਈ ਮੁਨਾਫ਼ਾ ਮਿਲਿਆ, ਨਾ ਪੈਸੇ ਵਾਪਸ ਕੱਢੇ ਜਾ ਸਕੇ। ਸਗੋਂ, ਠੱਗਾਂ ਨੇ ਉਸ ਦਾ ਵਟਸਐਪ ਨੰਬਰ ਵੀ ਬਲੌਕ ਕਰ ਦਿੱਤਾ। ਸਿਟੀ ਥਾਣੇ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
