ਲੜਕੀ ਅਗਵਾ ਮਾਮਲਾ: ਦੋਸ਼ੀ ਨੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰੀ
ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵੱਲੋਂ ਇੱਕ ਨੌਜਵਾਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਉਸ ਨੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਉਸ ਦੇ ਸੱਟਾਂ ਲੱਗੀਆਂ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ।
ਛਾਲ ਮਾਰਨ ਵਾਲੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ। ਉਸ ਚੂਲੇ ਵਿੱਚ ਵੀ ਗਹਿਰੀ ਸੱਟ ਲੱਗੀ ਹੈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ।
ਪੁਲੀਸ ਅਨੁਸਾਰ ਬੋਹਾ ਕਸਬਾ ਦੇ ਪਿੰਡ ਬੀਰੇਵਾਲਾ ਡੋਗਰਾ ਨਿਵਾਸੀ ਨੌਜਵਾਨ ਹਰਭਜਨ ਸਿੰਘ ਖਿਲਾਫ਼ ਥਾਣਾ ਬੋਹਾ ਵਿਖੇ 17 ਸਤੰਬਰ,2023 ਨੂੰ ਇੱਕ ਲੜਕੀ ਨੂੰ ਅਗਵਾ ਕਰਕੇ ਲਿਜਾਣ ਤਹਿਤ ਧਾਰਾ 363,366 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਮਾਨਸਾ ਦੀ ਐਡੀਸ਼ਨਲ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਹਰਭਜਨ ਸਿੰਘ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ, ਜਦੋਂ ਹੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਭੱਜਕੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਵਿਹੜੇ ਵਿੱਚ ਛਾਲ ਮਾਰ ਦਿੱਤੀ ਅਤੇ ਡਿੱਗਦਿਆਂ ਹੀ ਉਹ ਬੇਹੋਸ਼ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਉਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰ ਰਹੀਆਂ ਅਤੇ ਉਸ ਦਾ ਚੂਲਾ ਵੀ ਟੁੱਟ ਗਿਆ।
ਦੋਸ਼ੀ ਹਰਭਜਨ ਸਿੰਘ `ਤੇ ਪੁਲੀਸ ਦਾ ਪਹਿਰਾ ਬਿਠਾ ਦਿੱਤਾ ਗਿਆ ਅਤੇ ਡਾਕਟਰਾਂ ਨੇ ਵੀ ਗੱਲ ਕਰਨ ਤੋਂ ਸੰਕੋਚ ਕੀਤਾ। ਪੁਲੀਸ ਦੇ ਪਹਿਰੇ ਵਿੱਚ ਹੀ ਹਰਭਜਨ ਸਿੰਘ ਨੂੰ ਮੁੱਢਲਾ ਇਲਾਜ ਦੇ ਕੇ ਪਟਿਆਲਾ ਰੈਫ਼ਰ ਕਰ ਦਿੱਤਾ।