ਏਲਨਾਬਾਦ ਦੇ ਕ੍ਰਿਕਟ ਟੂਰਨਾਮੈਂਟ ’ਚ ਗਿੱਦੜਬਾਹਾ ਦੀ ਟੀਮ ਜੇਤੂ
ਸ਼ਹਿਰ ਦੇ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਸਟੇਡੀਅਮ ਵਿੱਚ ਮਨਧੀਰ ਸਿੰਘ ਅਤੇ ਸੋਨੂ ਕੜਵਾਸਰਾ ਵੱਲੋਂ ਪਹਿਲਾ ਵਿਸ਼ਾਲ ਪੇਂਡੂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪੇਂਡੂ ਖੇਤਰ ਦੀਆਂ ਲਗਪਗ 104 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਏਲਨਾਬਾਦ, ਗਿੱਦੜਬਾਹਾ, ਬਠਿੰਡਾ, ਨੌਹਰ, ਪ੍ਰਤਾਪ ਨਗਰ, ਮੀਰਪੁਰ, ਚੱਕ ਹੀਰਾ ਸਿੰਘ ਅਤੇ ਰਾਣੀਆ ਦੀਆਂ ਅੱਠ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ। ਇਸ ਟੂਰਨਾਮੈਂਟ ਵਿੱਚ ਕਾਸਕੋ ਕ੍ਰਿਕਟ ਦੇ ਸਟਾਰ ਖਿਡਾਰੀ ਸ਼ੈਂਟੀ ਢਾਬਾ, ਡੈਨੀ ਮੰਡੀ, ਵਿਸ਼ਾਲ ਸੀਤੋ, ਰੋਹਿਤ ਉਦੈਪੁਰ, ਡਾਕਟਰ ਬਠਿੰਡਾ, ਜਸ਼ਨ ਗਿੱਦੜਬਾਹਾ, ਗੌਰਵ, ਹੈਪੀ ਮੀਰਪੁਰ ਅਤੇ ਅਮਨ ਦਾਨੇਵਾਲਾ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਟੂਰਨਾਮੈਂਟ ਦੌਰਾਨ ਗਿੱਦੜਬਾਹਾ (ਪੰਜਾਬ) ਦੀ ਟੀਮ ਪਹਿਲੇ ਸਥਾਨ 'ਤੇ ਰਹੀ ਜਦੋਂ ਕਿ ਏਲਨਾਬਾਦ (ਸੋਨੂ) ਦੀ ਟੀਮ ਦੂਜੇ ਸਥਾਨ ’ਤੇ ਰਹੀ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51,000 ਰੁਪਏ ਦੇ ਨਗਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਦੋਂਕਿ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25,000 ਰੁਪਏ ਦੇ ਨਗਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਮੈਨ ਆਫ ਦੀ ਸੀਰੀਜ਼ ਚੁਣੇ ਗਏ ਗਿੱਦੜਬਾਹਾ ਦੇ ਖਿਡਾਰੀ ਜਸ਼ਨ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਫਾਊਂਡੇਸ਼ਨ ਦੇ ਪ੍ਰਧਾਨ ਅਮਰਪਾਲ ਸਿੰਘ ਖੋਸਾ ਨੇ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਦੇ ਮਾਨਸਿਕ, ਬੌਧਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਵਧ ਚੜਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।