ਭੁਰਟਵਾਲਾ ਦੇ ਗਿਆਨ ਸਿੰਘ ਨੇ ਮਿਹਨਤ ਨਾਲ ਗੁਰਬਤ ਨੂੰ ਮਾਤ ਦਿੱਤੀ
ਪਿੰਡ ਭੁਰਟਵਾਲਾ ਦੇ ਪੈਰਾਲੰਪਿਕ ਖਿਡਾਰੀ ਗਿਆਨ ਸਿੰਘ ਨੇ ਗੁਰਬਤ ਭਰੀ ਜ਼ਿੰਦਗੀ ਨੂੰ ਆਪਣੀ ਮਿਹਨਤ ਦੇ ਬਲਬੂਤੇ ਨਵੀਂ ਦਿਸ਼ਾ ਦੇ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਗਰੀਬ ਪਰਿਵਾਰ ਵਿੱਚ ਪੈਦਾ ਹੋਏ ਗਿਆਨ ਸਿੰਘ ਨੂੰ ਜਨਮ ਤੋਂ ਸਿਰਫ਼ ਅੱਠ ਮਹੀਨੇ ਬਾਅਦ ਹੀ ਪੋਲੀਓ ਹੋ ਗਿਆ ਸੀ। ਪੋਲੀਓ ਨੇ ਗਿਆਨ ਸਿੰਘ ਨੂੰ ਖੱਬੀ ਲੱਤ ਤੋਂ ਅਪਾਹਜ ਕਰ ਦਿੱਤਾ। ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਹੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਰਿਵਾਰ ਕੋਲ ਗਿਆਨ ਸਿੰਘ ਦੀ ਦਵਾਈ ਖਰੀਦਣ ਲਈ ਵੀ ਪੈਸੇ ਨਹੀਂ ਸਨ। ਉਸ ਦੇ ਬੁੱਢੇ ਪਿਤਾ ਨੇ ਮਿਹਨਤ ਮਜ਼ਦੂਰੀ ਕਰਕੇ ਗਿਆਨ ਸਿੰਘ ਦਾ ਇਲਾਜ ਕਰਵਾਇਆ। ਜਿਵੇਂ-ਜਿਵੇਂ ਗਿਆਨ ਸਿੰਘ ਵੱਡਾ ਹੁੰਦਾ ਗਿਆ, ਉਸ ਦੀ ਦਿਲਚਸਪੀ ਖੇਡਾਂ ਵੱਲ ਹੋ ਗਈ। ਗਿਆਨ ਸਿੰਘ ਦੇ ਪਿਤਾ ਨੇ ਉਸਦਾ ਪੂਰਾ ਸਾਥ ਦਿੱਤਾ। ਉਹ ਪਿੰਡ ਦੀ ਗਰਾਊਂਡ ਵਿੱਚ ਜਾ ਕੇ ਤਿਆਰੀ ਕਰਨ ਲੱਗਾ ਤਾਂ ਗਿਆਨ ਸਿੰਘ ਦੇ ਭਤੀਜੇ ਕੁਲਦੀਪ ਨੇ ਵੀ ਉਸਦੀ ਹਰ ਸੰਭਵ ਮਦਦ ਕੀਤੀ। ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਪੈਰਾਲੰਪਿਕ ਖਿਡਾਰੀ ਗਿਆਨ ਸਿੰਘ ਜੈਵਿਲਨ ਥਰੋਅ ਦੇ ਸੂਬਾਈ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਪਹਿਲੀ ਵਾਰ ਹੀ ਸੋਨੇ ਤਗ਼ਮਾ ਜਿੱਤਿਆ ਅਤੇ ਅਗਲੇ ਸਾਲ ਫਿਰ ਸੋਨੇ ਦਾ ਤਗ਼ਮਾ ਜਿੱਤਿਆ। ਫਿਰ ਉਸ ਨੇ 2017 ਅਤੇ 2018 ਵਿੱਚ ਰਾਸ਼ਟਰੀ ਪੱਧਰ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਸਾਲ 2019 ਵਿੱਚ ਥਾਈਲੈਂਡ ਵਿਚ ਹੋਏ ਕੌਮਾਂਤਰੀ ਮੁਕਾਬਲੇ ਵਿੱਚ ਭਾਰਤ ਵੱਲੋਂ ਭਾਗ ਲੈਂਦੇ ਹੋਏ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਆਪਣੀ ਅਤੇ ਆਪਣੇ ਪਿੰਡ ਲਈ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ। ਇਸ ਸਾਲ ਜਨਵਰੀ ਵਿੱਚ ਚੇਨੱਈ ਵਿੱਚ ਹੋਏ ਰਾਸ਼ਟਰੀ ਜੈਵਲਿਨ ਥਰੋਅ ਮੁਕਾਬਲੇ ਵਿੱਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਜਿਸ ਨਾਲ ਹੁਣ ਉਸ ਨੂੰ ਸਰਕਾਰੀ ਨੌਕਰੀ ਵੀ ਮਿਲੀ ਗਈ ਹੈ। ਗਿਆਨ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਵੇਗਾ ਅਤੇ ਦੇਸ਼ ਲਈ ਇੱਕ ਹੋਰ ਤਗਮਾ ਜਿੱਤੇਗਾ। ਹੁਣ ਤੱਕ ਗਿਆਨ ਸਿੰਘ ਸੂਬਾਈ ਪੱਧਰ ਦੇ ਮੁਕਾਬਲਿਆਂ ਵਿੱਚ 12 ਸੋਨ ਤਗਮੇ, ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਕੁੱਲ 10 ਤਗਮੇ ਅਤੇ ਕੌਮਾਂਤਰੀ ਪੱਧਰ ਤੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਇੱਕ ਚਾਂਦੀ ਦਾ ਤਗਮਾ ਜਿੱਤ ਚੁੱਕਾ ਹੈ।
