ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ: ਲੋਕਾਂ ਨੇ ਘਰਾਂ ਮੂਹਰੇ ਬੰਨ੍ਹ ਲਾਏ

ਫੌਜ ਵੱਲੋਂ ਘੱਗਰ ਦੀਆਂ ਚਾਰ ਨਾਜ਼ੁਕ ਥਾਵਾਂ ਦਾ ਨਿਰੀਖਣ
ਵਿਧਾਇਕ ਗੁਰਪ੍ਰੀਤ ਬਣਾਂਵਾਲੀ ਤੇ ਫੌਜ ਦੇ ਅਧਿਕਾਰੀ ਘੱਗਰ ਦਾ ਜਾਇਜ਼ਾ ਲੈਂਦੇ ਹੋਏ।
Advertisement

ਘੱਗਰ ਵਿੱਚ ਲਗਾਤਾਰ ਪਾਣੀ ਚੜ੍ਹਨ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਹੁਣ ਨਾ ਦਿਨੇ ਚੈਨ ਹੈ ਅਤੇ ਨਾ ਹੀ ਰਾਤ ਨੂੰ ਨੀਂਦ ਆਉਂਦੀ ਹੈ। ਸ਼ੂਕਦੇ ਪਾਣੀ ਤੋਂ ਲੋਕਾਂ ਨੂੰ ਡਰ ਲੱਗਣ ਲੱਗਿਆ ਹੈ। ਕਈ ਪਿੰਡਾਂ ਵਿੱਚ ਲੋਕਾਂ ਨੇ ਆਪਣੇ ਘਰਾਂ ਮੂਹਰੇ ਵੱਡੇ-ਵੱਡੇ ਬੰਨ੍ਹਾਂ ਲਾ ਲਏ ਹਨ। ਕੱਲ੍ਹ ਨਾਲੋਂ ਅੱਜ ਹੋਰ ਪਾਣੀ ਚੜ੍ਹਨ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਨਾਲ ਲੈਕੇ ਫੌਜ ਵੱਲੋਂ ਚਾਰ ਨਾਜ਼ੁਕ ਥਾਵਾਂ ਦਾ ਮੁਆਇਨਾ ਕੀਤਾ ਗਿਆ ਤਾਂ ਜੋ ਹੰਗਾਮੀ ਹਾਲਤਾਂ ਵੇਲੇ ਫੌਜ ਨੂੰ ਤੁਰੰਤ ਸੱਦਿਆ ਜਾ ਸਕੇ।

ਵੇਰਵਿਆਂ ਅਨੁਸਾਰ ਲਗਾਤਾਰ ਚੜ੍ਹ ਰਹੇ ਪਾਣੀ ਤੋਂ ਲੋਕ ਹੋਰ ਸਹਿਮ ਗਏ ਹਨ। ਲੋਕਾਂ ਨੂੰ ਡਰ ਹੈ ਕਿ ਘੱਗਰ ਦਾ ਕਿਨਾਰਾ ਵਧ ਰਹੇ ਪਾਣੀ ਕਾਰਨ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਘੱਗਰ ਤੇੋ ਠੀਕਰੀ ਪਹਿਰਾ ਲਗਾ ਕੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਵਧਿਆ ਜ਼ਰੂਰ ਹੈ, ਪਰ ਖਤਰੇ ਵਾਲੀ ਅਜੇ ਕੋਈ ਗੱਲ ਨਹੀਂ ਹੈ।

Advertisement

ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਵਿਚ ਪਿਆ ਮੀਂਹ ਦੋ ਦਿਨ ਦਾ ਸਫਰ ਕਰਕੇ ਫਿਰ ਖਨੌਰੀ, ਚਾਂਦਪੁਰਾ ਬੰਨ ਅਤੇ ਸਰਦੂਲਗੜ੍ਹ ਪਹੁੰਚਦਾ ਹੈ। ਬੀਤੇ ਦਿਨੀਂ ਪਏ ਤੇਜ ਮੀਂਹ ਦਾ ਪਾਣੀ ਅਜੇ ਰਾਹ ਵਿਚ ਹੈ,ਜਿਸ ਦੇ 6 ਜਾਂ 7 ਸਤੰਬਰ ਨੂੰ ਸਰਦੂਲਗੜ੍ਹ ਵਿਖੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪਾਣੀ ਦਾ ਪੱਧਰ ਵਧਣ ਦਾ ਡਰ ਬਣਿਆ ਹੋਇਆ ਹੈ।ਦੂਜੇ ਪਾਸੇ ਘੱਗਰ ਦਾ ਪ੍ਰਸ਼ਾਸਨ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅੱਜ ਨੂੰ ਘੱਗਰ ਦੀਆਂ ਚਾਰ ਨਾਜ਼ੁਕ ਥਾਵਾਂ ਦਾ ਫੌਜੀ ਅਧਿਕਾਰੀਆਂ ਨੂੰ ਮੁਆਇਨਾ ਕਰਵਾਇਆ। ਇਨ੍ਹਾਂ ਵਿੱਚ ਭੱਲਣਵਾੜਾ, ਫੂਸਮੰਡੀ, ਸਾਧੂਵਾਲਾ ਅਤੇ ਰੋੜਕੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫੌਜ ਨੂੰ ਐਮਰਜੈਂਸੀ ਵੇਲੇ ਬੁਲਾਇਆ ਜਾ ਸਕਦਾ ਹੈ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੰਗਾਮੀ ਹਾਲਾਤ ਵਿੱਚ ਬਠਿੰਡਾ ਦੋ ਘੰਟਿਆਂ ਵਿੱਚ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਘੱਗਰ ਦਾ ਪਾਣੀ ਅਜੇ ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਹੇਠਾਂ ਹੈ। ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸੇ ਦੌਰਾਨ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਤੋਂ ਬਾਅਦ ਸਥਿਤੀ ਉਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੇ ਤੱਕ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।

ਘੱਗਰ ਦੇ ਅੰਦਰੂਨੀ ਬੰਨ੍ਹ ਵਿੱਚ ਪਾੜ ਕਾਰਨ ਫ਼ਸਲਾਂ ਡੁੱਬੀਆਂ

ਸਿਰਸਾ (ਪ੍ਰਭੂ ਦਿਆਲ): ਘੱਗਰ ਦੇ ਵਧਦੇ ਪਾਣੀ ਦੇ ਪੱਧਰ ਨੇ ਜ਼ਿਲ੍ਹਾ ਵਾਸੀਆਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਪਿਛਲੇ ਚਾਰ ਦਿਨਾਂ ਤੋਂ ਘੱਗਰ ਵਿੱਚ ਪਾਣੀ ਦਾ ਪੱਧਰ ਹਰ ਰੋਜ਼ ਵੱਧ ਰਿਹਾ ਹੈ। ਅੱਜ ਝੋਰੜਨਾਲੀ ਨੇੜੇ ਘੱਗਰ ਦੇ ਅੰਦਰੂਨੀ ਬੰਨ੍ਹ ਵਿੱਚ ਦਰਾੜ ਪੈਣ ਕਾਰਨ ਕਈ ਏਕੜ ਫ਼ਸਲਾਂ ਡੁੱਬ ਗਈਆਂ। ਪਿੰਡ ਕੇਲਨੀਆ ਨੂੰ ਜਾਣ ਵਾਲੀ ਸੜਕ ਵੀ ਪਾਣੀ ਵਿੱਚ ਡੁੱਬ ਗਈ ਅਤੇ ਆਵਾਜਾਈ ਬੰਦ ਹੋ ਗਈ। ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਨਾਲ-ਨਾਲ ਪਿੰਡ ਵਾਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੰਜਾਈ ਵਿਭਾਗ ਦੀਆਂ ਟੀਮਾਂ 24 ਘੰਟੇ ਘੱਗਰ ਦਰਿਆ ਦੇ ਬੰਨ੍ਹਾਂ ਦੀ ਨਿਗਰਾਨੀ ਅਤੇ ਮਜ਼ਬੂਤੀ ਵਿੱਚ ਲੱਗੀਆਂ ਹੋਈਆਂ ਹਨ। ਸਾਵਧਾਨੀ ਵਜੋਂ ਬੰਨ੍ਹਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਟਰੈਕਟਰਾਂ, ਜੇ.ਸੀ.ਬੀ., ਪੋਕਲੇਨ ਆਦਿ ਦੀ ਮਦਦ ਨਾਲ ਬੰਨ੍ਹਾਂ ’ਤੇ ਮਿੱਟੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮਨਰੇਗਾ ਰਾਹੀਂ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀ ਦਿਨ-ਰਾਤ ਬੰਨ੍ਹਾਂ ਦਾ ਲਗਾਤਾਰ ਨਿਰੀਖਣ ਕਰ ਰਹੇ ਹਨ ਅਤੇ ਹਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਜਿੱਥੇ ਵੀ ਕਿਸੇ ਵੀ ਸਾਧਨ ਦੀ ਲੋੜ ਹੋਵੇ, ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾ ਰਹੇ ਹਨ। ਇਸ ਦੇ ਨਾਲ ਹੀ ਪਿੰਡ ਵਾਸੀ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਘੱਗਰ ਦਰਿਆ ਦੇ ਮੁੱਖ ਬੰਨ੍ਹ ਸੁਰੱਖਿਅਤ ਹਨ। ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਧਿਆਨ ਨਹੀਂ ਦੇਣਾ ਚਾਹੀਦਾ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ 2 ਵਜੇ ਤੱਕ ਘੱਗਰ ਦਰਿਆ ਦੇ ਸਰਦੂਲਗੜ੍ਹ ਪੁਆਇੰਟ ’ਤੇ 43,940 ਕਿਊਸਿਕ ਪਾਣੀ ਵਗ ਰਿਹਾ ਹੈ ਅਤੇ ਓਟੂ ਵਿੱਚ 21,500 ਕਿਊਸਿਕ ਪਾਣੀ ਹੇਠਾਂ ਵੱਲ ਵਗ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਘੱਗਰ ਦਰਿਆ ਤੋਂ ਇਲਾਵਾ ਸਾਰੇ ਨਾਲਿਆਂ ਅਤੇ ਡਰੇਨਾਂ ਦੀ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।

ਭਾਖੜਾ ਨਹਿਰ ’ਚ ਰਲਿਆ ਘੱਗਰ ਦਾ ਦੂਸ਼ਿਤ ਪਾਣੀ

ਭਾਖੜਾ ਵਿੱਚ ਆਏ ਘੱਗਰ ਦੇ ਪਾਣੀ ਦਾ ਦ੍ਰਿਸ਼।

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਭਾਖੜਾ ਨਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਵਿੱਚ ਪਹਿਲਾਂ ਹੀ ਪਾਣੀ ਦੀ ਕਿੱਲਤ ਸੀ, ਜਿਸ ਕਾਰਨ ਵਿਭਾਗ ਇੱਕ ਦਿਨ ਛੱਡ ਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕਰ ਰਿਹਾ ਹੈ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਭਾਖੜਾ ਨਹਿਰ ਵਿੱਚ ਘੱਗਰ ਦਾ ਪਾਣੀ ਆਉਣ ਕਾਰਨ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਹੋਰ ਵੀ ਵੱਧ ਸਕਦੀ ਹੈ ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਖੜਾ ਨਹਿਰ ਵਿੱਚ ਘੱਗਰ ਨਦੀ ਦਾ ਪਾਣੀ ਆਉਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ, ਜਿਸ ਕਾਰਨ ਅੱਜ ਪਿੰਡ ਤਖ਼ਤਮੱਲ ਦੇ ਗੁਰਦੁਆਰੇ ਵਿੱਚ ਐਲਾਨ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹਾਲਾਂਕਿ ਭਾਖੜਾ ਨਹਿਰ ਵਿੱਚ ਪਾਣੀ ਦਾ ਵਹਾਅ ਘੱਟ ਹੈ, ਫਿਰ ਵੀ ਭਾਖੜਾ ਨਹਿਰ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਨਾਲ ਹੀ ਭਾਖੜਾ ਨਹਿਰ ਵਿੱਚ ਘੱਗਰ ਦਾ ਪਾਣੀ ਆਉਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਖੜਾ ਵਿੱਚ ਘੱਗਰ ਦੇ ਪਾਣੀ ਦੇ ਆਉਣ ’ਤੇ ਜਨ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਜਲ ਘਰ ਦੇ ਆਊਟਲੈੱਟ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਘੱਗਰ ਦਾ ਪਾਣੀ ਜਲ ਘਰ ਦੇ ਭੰਡਾਰਾਂ ਵਿੱਚ ਨਾ ਪਹੁੰਚ ਸਕੇ। ਹਾਲਾਂਕਿ ਘੱਗਰ ਦਾ ਪਾਣੀ ਦੋ ਦਿਨਾਂ ਤੋਂ ਜਲ ਘਰ ਦੇ ਭੰਡਾਰਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ, ਪਰ ਅੱਜ ਇਸ ਨੂੰ ਬੰਦ ਕਰ ਦਿੱਤਾ ਗਿਆ।

 

 

Advertisement
Show comments