ਗੈਂਗਸਟਰ ਪ੍ਰਭ ਦਾ ਸਾਥੀ ਮੁਕਾਬਲੇ ’ਚ ਜ਼ਖ਼ਮੀ
ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਇਸ਼ਾਰੇ ’ਤੇ ਲੋਕਾਂ ਕੋਲੋਂ ਫਿਰੌਤੀਆਂ ਮੰਗਣ ਅਤੇ ਫਿਰੌਤੀ ਨਾ ਦੇਣ ਵਾਲਿਆਂ ਦੇ ਘਰਾਂ ਅੱਗੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਅਰਸ਼ਦੀਪ ਸਿੰਘ ਨੂੰ ਫ਼ਰੀਦਕੋਟ ਪੁਲੀਸ ਨੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਇਹ ਮੋਗਾ ਜ਼ਿਲ੍ਹੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਪੁਲੀਸ ਨੇ ਜ਼ਖਮੀ ਸ਼ੂਟਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ ਜਿਸ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਕੋਲੋਂ ਪੁਲੀਸ ਨੇ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਸ਼ੂਟਰ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਕਾਬਲੇ ਮਗਰੋਂ ਮੌਕੇ ’ਤੇ ਪੁੱਜੇ ਐੱਸ ਐੱਸ ਪੀ ਫਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਵੀਰਵਾਰ ਨੂੰ ਪੁਲੀਸ ਨੇ ਦੋ ਨੌਜਵਾਨ ਬਲਜੀਤ ਸਿੰਘ ਕੱਦੂ ਅਤੇ ਸੰਨੀ ਵਾਸੀ ਕੋਟ ਈਸੇ ਖਾਂ (ਮੋਗਾ) ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਪੁੱਛ-ਪੜਤਾਲ ਦੱਸਿਆ ਕਿ ਉਨ੍ਹਾਂ ਦਾ ਤੀਜਾ ਸਾਥੀ ਅਰਸ਼ਦੀਪ ਸਿੰਘ, ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਲਈ ਕੰਮ ਕਰਦੇ ਹਨ ਅਤੇ ਮੋਗਾ, ਤਰਨ ਤਾਰਨ, ਅੰਮ੍ਰਿਤਸਰ ਸਣੇ ਹੋਰ ਜ਼ਿਲ੍ਹਿਆਂ ਵਿੱਚ ਫਿਰੌਤੀਆਂ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਫਿਰੌਤੀਆਂ ਨਾ ਦੇਣ ਵਾਲਿਆਂ ਦੇ ਘਰਾਂ ਅੱਗੇ ਫਾਇਰਿੰਗ ਕਰਦੇ ਸਨ ਅਤੇ ਉਨ੍ਹਾਂ ਇਸ ਤਰ੍ਹਾਂ ਦੀਆਂ ਚਾਰ ਵਾਰਦਾਤਾਂ ਮੰਨੀਆਂ ਵੀ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਮੋਗਾ ਵਿੱਚ ਵਰਦਾਤ ਕਰਨੀ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਪੁਲੀਸ ਚੌਕਸ ਸੀ ਅਤੇ ਡੀ ਐੱਸ ਪੀ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਨਾਕੇਬੰਦੀ ਕੀਤੀ ਹੋਈ ਸੀ ਤਾਂ ਬਾਜਾਖਾਨਾ ਘਣੀਆ ਰੋਡ ’ਤੇ ਇੱਕ ਮੋਟਰਸਾਈਕਲ ਸਵਾਰ ਨੂੰ ਚੈਕਿੰਗ ਲਈ ਰੋਕਿਆਂ। ਉਨ੍ਹਾਂ ਦੱਸਿਆ ਕਿ ਉਸ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਜੋ ਕਿ ਬੈਰੀਕੇਡ ’ਤੇ ਲੱਗੀ। ਜਵਾਬੀ ਫਾਇਰਿੰਗ ਦੌਰਾਨ ਇਹ ਜ਼ਖ਼ਮੀ ਹੋ ਗਿਆ।
