ਵਿਦੇਸ਼ ਭੇਜਣ ਬਹਾਨੇ ਚਾਰ ਨੌਜਵਾਨਾਂ ਨਾਲ ਲੱਖਾਂ ਦੀ ਠੱਗੀ
ਇਥੇ ਇੱਕ ਔਰਤ ਸਮੇਤ ਚਾਰ ਨੌਜਵਾਨਾਂ ਨਾਲ ਵਿਦੇਸ਼ ਭੇਜਣ ਬਹਾਨੇ ਠੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੇ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਕੋਟਕਪੂਰੇ ਦੇ ਟਰੈਵਲ ਏਜੰਟ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 40 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਲੈਣ ਮਗਰੋਂ ਮੁਲਜ਼ਮ ਟਰੈਵਲ ਏਜੰਟ ਨੇ ਨਾ ਤਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਪ੍ਰਦੀਪ ਸਿੰਘ, ਸ਼ੇਰ ਜੰਗ ਸਿੰਘ, ਜਗਸੀਰ ਸਿੰਘ ਅਤੇ ਜਤਿੰਦਰ ਕੌਰ ਨੇ ਕਿਹਾ ਕਿ ਕੋਟਕਪੂਰੇ ਦੇ ਟਰੈਵਲਰ ਏਜੰਟ ਨੇ 40 ਲੱਖ ਰੁਪਏ ਲੈਣ ਤੋਂ ਚਾਰ ਮਹੀਨੇ ਬਾਅਦ ਵੀ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਪੁਲੀਸ ਵੀ ਇਸ ਮਾਮਲੇ ਵਿੱਚ ਟਰੈਵਲਰ ਏਜੰਟ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਅੱਜ ਇੱਥੇ ਪੀੜਤ ਨੌਜਵਾਨਾਂ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਪੀੜਤ ਨੌਜਵਾਨਾਂ ਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਅਣਮਿਥੇ ਸਮੇਂ ਲਈ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਧਰਨੇ ’ਤੇ ਬੈਠ ਜਾਣਗੇ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਕਿਹਾ ਕਿ ਪੀੜਤ ਨੌਜਵਾਨਾਂ ਦੀ ਸ਼ਿਕਾਇਤ ਦੀ ਪੁਲੀਸ ਕਾਨੂੰਨ ਅਨੁਸਾਰ ਪੜਤਾਲ ਕਰ ਰਹੀ ਹੈ ਅਤੇ ਪੜਤਾਲ ਤੋਂ ਬਾਅਦ ਜੇਕਰ ਦੋਸ਼ ਸਾਬਤ ਹੋਏ ਤਾਂ ਟਰੈਵਲ ਏਜੰਟਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਕੋਟਕਪੂਰੇ ਦੇ ਇੱਕ ਟਰੈਵਲਰ ਏਜੰਟ ਵੱਲੋਂ ਕਥਿਤ ਤੌਰ ’ਤੇ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ ਅਤੇ ਹੌਲੀ-ਹੌਲੀ ਸਾਰੇ ਨੌਜਵਾਨ ਸਾਹਮਣੇ ਆ ਰਹੇ ਹਨ। ਪੀੜਤ ਨੌਜਵਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਟਰੈਵਲਰ ਏਜੰਟ ਇੱਕ ਸਿਆਸੀ ਆਗੂ ਦੀ ਸ਼ਹਿ ’ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗ ਰਿਹਾ ਹੈ।
