ਹਥਿਆਰਾਂ ਅਤੇ ਗੱਡੀ ਸਣੇ ਚਾਰ ਕਾਬੂ
ਪਿੰਡ ਨਰੂਆਣਾ ’ਚ ਕੱਦੂ ਵੇਚਣ ਵਾਲੇ ਨੂੰ ਲੁਟੇਰਿਆਂ ਵਲੋਂ ਘੇਰਨਾ ਮਹਿੰਗਾ ਪੈ ਗਿਆ। ਇਸ ਕਿਸਾਨ ਵਲੋਂ ਲੁਟੇਰਿਆਂ ਨੂੰ ਪਛਾਣ ਲਏ ਜਾਣ ’ਤੇ ਪੁਲੀਸ ਨੇ ਚਾਰਾਂ ਨੂੰ ਕਾਬੂ ਕਰ ਲਿਆ। ਡੀਐਸਪੀ ਸਿਟੀ-1 ਸੰਦੀਪ ਭਾਟੀ ਨੇ ਦੱਸਿਆ ਕਿ ਇਹ ਕਿਸਾਨ ਮੋਟਰਸਾਈਕਲ ’ਤੇ ਕੱਦੂ ਲੱਦ ਕੇ ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਵੇਚਣ ਆ ਰਿਹਾ ਸੀ। ਜਦੋਂ ਉਹ ਬਾਦਲ ਰੋਡ ’ਤੇ ਬਣੇ ਹਵਾਈ ਪੁਲ ਕੋਲ ਪਹੁੰਚਿਆਂ, ਤਾਂ ਕਥਿਤ ਲੁਟੇਰਿਆਂ ਨੇ ਆਪਣੀ ਚਿੱਟੇ ਰੰਗ ਦੀ ਗੱਡੀ ਮੋਟਰਸਾਈਕਲ ਅੱਗੇ ਲਾ ਕੇ ਲਾਲ ਸਿੰਘ ਨੂੰ ਰੋਕ ਲਿਆ ਅਤੇ ਗੱਡੀ ’ਚੋਂ ਉੱਤਰ ਕੇ ਇੱਕ ਭਾਰੇ ਸਰੀਰ ਵਾਲੇ ਨੌਜਵਾਨ ਨੇ ਕਿਹਾ, ‘ਕੱਢ ਦੇ ਤੇਰੇ ਕੋਲ, ਜੋ ਹੈਗਾ’। ਲਾਲ ਸਿੰਘ ਨੇ ਇਨ੍ਹਾਂ ’ਚੋਂ ਇੱਕ ਨੂੰ ਪਛਾਣ ਲਿਆ ਕਿਉਂ ਕਿ ਉਹ ਉਸ ਦੇ ਬਠਿੰਡਾ ਸਥਿਤ ਮੈਡੀਕਲ ਸਟੋਰ ਤੋਂ ਆਪਣੇ ਪਸ਼ੂਆਂ ਲਈ ਅਕਸਰ ਦਵਾਈ ਲਿਆਉਂਦਾ ਸੀ। ਪਛਾਨਣ ’ਤੇ ਲਾਲ ਸਿੰਘ ਨੇ ਕਿਹਾ, ‘ਇਹ ਤੁਸੀਂ ਕੀ ਕਰਦੇ ਹੋ?’ ਇਹ ਸੁਣ ਕੇ ਲੁਟੇਰੇ ਘਬਰਾ ਕੇ ਪਿਛਾਂਹ ਹਟ ਗਏ। ਪਿਛਾਂਹ ਹਟਦਿਆਂ ਹੀ ਉਨ੍ਹਾਂ ’ਚੋਂ ਇੱਕ ਦੇ ਹੱਥ ’ਚ ਫੜਿ੍ਹਆ ਪਿਸਤੌਲ ਚੱਲ ਗਿਆ ਅਤੇ ਉਸ ’ਚੋਂ ਨਿਕਲੀ ਗੋਲ਼ੀ ਉਨ੍ਹਾਂ ਦੇ ਹੀ ਇੱਕ ਸਾਥੀ ਦੀ ਲੱਤ ਵਿੱਚ ਵੱਜੀ। ਉਸ ਦੇ ਸਾਥੀਆਂ ਨੇ ਕਾਹਲੀ-ਕਾਹਲੀ ਜ਼ਖ਼ਮੀ ਨੂੰ ਗੱਡੀ ’ਚ ਲਿਟਾਇਆ ਅਤੇ ਗੱਡੀ ਰਿੰਗ ਰੋਡ ਤਰਫ਼ ਭਜਾ ਲਈ, ਜੋ ਅੱਗੇ ਜਾ ਕੇ ਇੱਕ ਪੱਥਰ ਨਾਲ ਟਕਰਾ ਗਈ ਅਤੇ ਗੱਡੀ ਦਾ ਟਾਇਰ ਫਟ ਗਿਆ। ਲੁਟੇਰੇ ਗੱਡੀ ਨੂੰ ਉਥੇ ਹੀ ਛੱਡ ਕੇ ਬਾਬਾ ਜੀਵਨ ਸਿੰਘ ਚੌਕ ਵੱਲ ਭੱਜ ਗਏ। ਇੱਥੋਂ ਉਨ੍ਹਾਂ ਸਿਵਲ ਹਸਪਤਾਲ ਪਹੁੰਚ ਕੇ ਆਪਣੇ ਜ਼ਖ਼ਮੀ ਸਾਥੀ ਨੂੰ ਇਲਾਜ ਲਈ ਦਾਖ਼ਲ ਕਰਵਾਇਆ। ਪੁਲੀਸ ਨੇ ਇੱਕ ਆਦਮੀ ਹਸਪਤਾਲ ’ਚ ਹੋਣ ਕਰਕੇ ਬਾਕੀ ਦੇ ਤਿੰਨਾਂ ਨੂੰ ਪੁਲੀਸ ਨੇ ਗਿ੍ਰਫ਼ਤਾਰ ਕਰ ਲਿਆ ਅਤੇ ਉਨ੍ਹਾਂ ਪਾਸੋਂ ਇੱਕ ਦੇਸੀ ਪਿਸਤੌਲ .12 ਬੋਰ, 2 ਕਾਪੇ, ਕਿਰਪਾਨ, ਤਲਵਾਰ ਅਤੇ 8 ਮੋਬਾਈਲ ਫ਼ੋਨਾਂ ਸਮੇਤ ਗੱਡੀ ਬਰਾਮਦ ਕੀਤੀ।