ਚਾਰ ਆੜ੍ਹਤੀਏ ਵੱਧ ਝੋਨਾ ਤੋਲਦੇ ਫੜੇ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕੰਡੇ ਚੈੱਕ ਕੀਤੇ
Advertisement
ਹਲਕੇ ਦੇ ਪਿੰਡ ਭੋਤਨਾ ਦੀ ਦਾਣਾ ਮੰਡੀ ਵਿੱਚ ਚਾਰ ਆੜ੍ਹਤੀਏ ਵੱਧ ਝੋਨਾ ਤੋਲਦੇ ਫੜੇ ਗਏ ਹਨ। ਇਹ ਪਰਦਾਫਾਸ਼ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਮੰਡੀਆਂ ਵਿੱਚ ਕੰਡੇ ਚੈੱਕ ਕਰਨ ਸਮੇਂ ਆੜ੍ਹਤੀਆਂ ਦੀ ਇਹ ਚੋਰੀ ਫੜੀ ਗਈ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਭੋਤਨਾ ਦੇ ਪ੍ਰਧਾਨ ਰਣਜੀਤ ਸਿੰਘ ਭੋਤਨਾ ਦੀ ਅਗਵਾਈ ਹੇਠ ਅੱਜ ਦਾਣਾ ਮੰਡੀ ਭੋਤਨਾ ਵਿੱਚ ਝੋਨੇ ਦਾ ਤੋਲ ਚੈੱਕ ਕੀਤੇ ਗਏ। ਇਸ ਮੌਕੇ ਇਕਾਈ ਆਗੂਆਂ ਨਾਲ ਜਥੇਬੰਦੀ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਬਲਾਕ ਸਕੱਤਰ ਜਨਰਲ ਰੁਪਿੰਦਰ ਸਿੰਘ ਭਿੰਦਾ ਹਾਜ਼ਰ ਸਨ।
ਇਸ ਮੌਕੇ ਕਿਸਾਨ ਆਗੂ ਰੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਸਮੱਸਿਆ ਦੇ ਹੱਲ ਅਤੇ ਕੰਡੇ ਚੈੱਕ ਕੀਤੇ ਜਾ ਰਹੇ ਹਨ ਜਿਸ ਤਹਿਤ ਭੋਤਨਾ ਮੰਡੀ ਵਿੱਚ ਚੈਕਿੰਗ ਦੌਰਾਨ ਕੁੱਝ ਆੜ੍ਹਤੀਆਂ ਦੇ ਤੋਲ ਸਹੀ ਮਿਲੇ ਜਦਕਿ ਚਾਰ ਆੜ੍ਹਤੀਆਂ ਦੇ ਤੋਲੇ ਵੱਧ ਝੋਨਾ ਤੋਲਦੇ ਮਿਲੇ। ਉਨ੍ਹਾਂ ਦੱਸਿਆ ਕਿ ਇੱਕ ਆੜ੍ਹਤੀ 400 ਗ੍ਰਾਮ, ਦੋ 600 ਗ੍ਰਾਮ ਅਤੇ ਇੱਕ ਆੜ੍ਹਤੀ 900 ਗ੍ਰਾਮ ਵੱਧ ਝੋਨਾ ਤੋਲਦੇ ਮਿਲੇ ਹਨ। ਉਨ੍ਹਾਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨ੍ਹਾਂ ਆੜ੍ਹਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਇਕਾਈ ਪ੍ਰਧਾਨ ਸ਼ਹਿਣਾ ਗੁਰਜੰਟ ਸਿੰਘ ਬਦਰੇਵਾਲਾ, ਜਗਸੀਰ ਸਿੰਘ ਖਜ਼ਾਨਚੀ ਇਕਾਈ ਭੋਤਨਾ, ਜਸਪ੍ਰੀਤ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ, ਸੰਧੂਰਾ ਸਿੰਘ, ਨਿਰਪਾਲ ਸਿੰਘ, ਗੁਰਦੀਪ ਸਿੰਘ, ਟੋਨਾ ਸਿੰਘ, ਰਣਜੋਧ ਸਿੰਘ, ਜਗਰੂਪ ਸਿੰਘ ਰੂਪਾ, ਗੁਰਦੀਪ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ ਤੇ ਬਹਾਦਰ ਸਿੰਘ ਹਾਜ਼ਰ ਸਨ।
Advertisement
Advertisement
