ਮੇਲਾ ਕਤਲ ਕਾਂਡ ਮਾਮਲੇ ਦੇ ਚਾਰ ਮੁਲਜ਼ਮ ਬਰੀ
ਬਠਿੰਡਾ ਦੇ ਬਹੁ-ਚਰਚਿਤ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਕਤਲ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਰਾਜੇਸ਼ ਕੁਮਾਰ ਦੀ ਅਦਾਲਤ ਨੇ ਪੌਣੇ ਦੋ ਸਾਲਾਂ ਬਾਅਦ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਥਿਤ ਸ਼ੂਟਰ ਲਵਦੀਪ ਲਵੀ, ਕਮਲਦੀਪ ਸਣੇ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਵਾਸੀ ਭੀਖੀ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਮੁਲਜ਼ਮਾਂ ਦੇ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਅਨੁਸਾਰ ਪੁਲੀਸ ਜਾਂਚ ਵਿੱਚ ਕਈ ਤਰ੍ਹਾਂ ਦੇ ਸੰਦੇਹ ਵੀ ਉਭਰੇ ਸਨ। ਜਿਵੇਂ ਘਟਨਾ ਤੋਂ ਦੂਜੇ ਦਿਨ ਖਾਲੀ ਕਾਰਤੂਸਾਂ ਦੇ ਖੋਲ੍ਹ ਮਿਲਣਾ ਅਤੇ ਇੱਕ ਮੁਲਜ਼ਮ ਦੇ ਘਰੋਂ ਹਥਿਆਰਾਂ ਦੀ ਬਰਾਮਦਗੀ ਉਸ ਵੇਲੇ ਦਿਖਾਉਣੀ ਜਦੋਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ।
ਜ਼ਿਕਰਯੋਗ ਹੈ ਕਿ 28 ਅਕਤੂਬਰ 2023 ਦੀ ਸ਼ਾਮ ਨੂੰ ਮਾਲ ਰੋਡ ਉੱਤੇ ਆਪਣੇ ਰੈਸਟੋਰੈਂਟ (ਅੰਮ੍ਰਿਤਸਰੀ ਕੁਲਚਾ) ਦੇ ਬਾਹਰ ਬੈਠੇ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ‘ਮੇਲਾ’ ਉੱਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਪੁਲੀਸ ਨੇ ਮ੍ਰਿਤਕ ਦੀ ਪਤਨੀ ਆਰਤੀ ਦੇ ਬਿਆਨਾਂ ਦੇ ਆਧਾਰ ’ਤੇ ਕੋਤਵਾਲੀ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਕਤਲ ਕਾਂਡ ਕਾਫੀ ਚਰਚਿਤ ਬਣ ਗਿਆ ਸੀ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਅਤੇ ਵਪਾਰੀ ਵਰਗ ਵੱਲੋਂ ਕਈ ਦਿਨਾਂ ਤੱਕ ਬਠਿੰਡਾ ਵਿੱਚ ਰੋਸ ਧਰਨਾ ਦਿੱਤਾ ਗਿਆ ਸੀ।
ਦੱਸਣਾ ਬਣਦਾ ਹੈ ਕਿ ਇਸ ਕੇਸ ਵਿਚ ਅਰਸ਼ ਡਾਲਾ, ਮਨਪ੍ਰੀਤ ਉਰਫ਼ ਮਨੀ ਅਤੇ ਸਾਧੂ ਸਿੰਘ ਦੀ ਗ੍ਰਿਫਤਾਰੀ ਹਾਲੇ ਵੀ ਬਾਕੀ ਹੈ।