ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਗਾ ਨੂੰ ਜ਼ਿਲ੍ਹੇ ਦਾ ਦਰਜਾ ਮਿਲਿਆ ਪਰ ਸਹੂਲਤਾਂ ਨਹੀਂ

ਹਾਲੇ ਵੀ ਫ਼ਿਰੋਜ਼ਪੁਰ ਤੇ ਫ਼ਰੀਦਕੋਟ ’ਚ ਪਿਆ ਪੁਰਾਣਾ ਜ਼ਮੀਨੀ ਰਿਕਾਰਡ; ਨਹਿਰੀ ਆਰਾਮਘਰ ਵਿਚ ਐੱਸ ਐੱਸ ਪੀ ਦੀ ਰਿਹਾਇਸ਼; ਆਈ ਟੀ ਆਈ ’ਚ ਚੱਲ ਰਹੀ ਹੈ ਪੁਲੀਸ ਲਾਈਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਨਿਰਮਾਣ ਅਧੀਨ ਬੀ ਬਲਾਕ ਦੀ ਝਲਕ।
Advertisement

ਪੰਜਾਬ ਵਿੱਚ ਨਵੇਂ ਜ਼ਿਲ੍ਹੇ ਤਾਂ ਬਣਾ ਦਿੱਤੇ ਗਏ ਪਰ ਬਹੁਤੇ ਜ਼ਿਲ੍ਹੇ ਹਾਲੇ ਵੀ ਸਹੂਲਤਾਂ ਨੂੰ ਤਰਸ ਰਹੇ ਹਨ। ਮੋਗਾ ਜ਼ਿਲ੍ਹਾ ਦੀ ਤਿੰਨ ਦਹਾਕੇ ਬਾਅਦ ਵੀ ਜ਼ਿਲ੍ਹੇ ਵਾਲੀ ਹੋਂਦ ਨਹੀਂ ਬਣੀ। ਕੈਨੇਡਾ, ਯੂ ਐੱਸ ਏ, ਯੂ ਕੇ ਤੇ ਹੋਰ ਮੁਲਕਾਂ ਵਿਚ ਰਹਿੰਦੇ ਭਾਰਤੀਆਂ ਦੀ ਆਬਾਦੀ ਦਾ 40 ਤੋਂ 45 ਫੀਸਦੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਨੂੰ ਐੱਨ ਆਰ ਆਈਜ਼ ਜ਼ਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਹੈ। ਮੋਗਾ 17ਵੇਂ ਜ਼ਿਲ੍ਹੇ ਵਜੋਂ 24 ਨਵੰਬਰ 1995 ਨੂੰ ਪੰਜਾਬ ਰਾਜ ਦੇ ਨਕਸ਼ੇ ’ਤੇ ਆਇਆ ਸੀ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਰਾਹੀਂ 1999 ਵਿੱਚ ਧਰਮਕੋਟ ਬਲਾਕ ਦੇ 150 ਪਿੰਡਾਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ’ਚੋਂ ਤੋੜ ਕੇ ਮੋਗਾ ਜ਼ਿਲ੍ਹੇ ਨਾਲ ਜੋੜ ਦਿੱਤਾ ਸੀ। ਪਹਿਲਾਂ, ਮੋਗਾ ਜ਼ਿਲ੍ਹਾ ਫ਼ਰੀਦਕੋਟ ਦੀ ਸਬ ਡਿਵੀਜ਼ਨ ਸੀ ਅਤੇ ਫ਼ਿਰੋਜ਼ਪੁਰ ਦੀ ਸਬ ਵਿਡੀਜ਼ਨ ਵੀ ਰਿਹਾ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੀ ਜਨਸੰਖਿਆ 992,289 ਹੈ। ਮੋਗਾ ਵਿੱਚ ਲਿੰਗ ਅਨੁਪਾਤ 1000 ਮਰਦਾਂ ਮੁਕਾਬਲੇ 893 ਔਰਤਾਂ ਹਨ ਅਤੇ ਸਾਖਰਤਾ ਦਰ 71.6 ਫੀਸਦੀ ਹੈ।

ਇਥੇ ਆਮ ਮੁਲਾਜ਼ਮਾਂ ਲਈ ਤਾਂ ਰਿਹਾਇਸ਼ਾਂ ਦਾ ਪ੍ਰਬੰਧ ਕੀ ਹੋਣਾ ਸੀ ਸਗੋਂ ਹੁਣ ਤੱਕ ਸੀਨੀਅਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਵੀ ਸਰਕਾਰੀ ਰਿਹਾਇਸ਼ਾਂ ਤੋਂ ਵਾਂਝੇ ਹਨ। 30 ਸਾਲ ਤੋਂ ਐੱਸ ਐੱਸ ਪੀ ਦੀ ਰਿਹਾਇਸ਼ ਨਹਿਰੀ ਆਰਾਮ ਘਰ ਵਿੱਚ ਹੈ ਅਤੇ ਆਈ ਟੀ ਆਈ ਵਿੱਚ ਪੁਲੀਸ ਲਾਈਨ ਹੈ। ਸਥਾਨਕ ਸਿਵਲ ਹਸਪਤਾਲ ਵਿਚ ਸਿਵਲ ਸਰਜਨ ਸਮੇਤ ਡਾਕਟਰਾਂ ਦੀ ਰਿਹਾਇਸ਼ਗਾਹ ਨੂੰ ਦਫ਼ਤਰਾਂ ਵਿੱਚ ਤਬਦੀਲ ਕੀਤਾ ਗਿਆ ਹੈ। ਹੋਰ ਤਾਂ ਹੋਰ ਪੁਰਾਣੇ ਜ਼ਮੀਨੀ ਰਿਕਾਰਡ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਰਿਕਾਰਡ ਰੂਮ ਵਿੱਚ ਰੁਲ ਰਹੇ ਹਨ। ਇਥੇ ਐਨ ਐੱਚ 71 ਪ੍ਰਾਜੈਕਟ ਲਈ ਐਕੁਵਇਰ ਜ਼ਮੀਨ ਦਾ ਮਾਮਲਾ ਹਾਈ ਕੋਰਟ ਪੁੱਜਾ ਤਾਂ ਵਿਵਾਦਤ ਜ਼ਮੀਨ ਦਾ ਗੁੰਮ ਰਿਕਾਰਡ 65 ਸਾਲ ਬਾਅਦ ਫ਼ਿਰੋਜ਼ਪੁਰ ਤੋਂ ਭਾਰੀ ਮੁਸ਼ੱਕਤ ਬਾਅਦ ਲੱਭਿਆ ਗਿਆ। ਹਾਲਾਂਕਿ ਅਕਾਲੀ ਸਰਕਾਰ ਨੇ ਸਾਲ 2001 ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਾਂ ਉਸਾਰ ਦਿੱਤਾ ਪਰ ਉਹ ਵੀ ਦਫ਼ਤਰਾਂ ਲਈ ਛੋਟਾ ਪੈ ਗਿਆ ਹੈ।

Advertisement

ਜ਼ਿਲ੍ਹੇ ਬਣਾਉਣ ਪਿੱਛੇ ਪ੍ਰਸ਼ਾਸਨਕ ਪੱਖ ਜਾਂ ਲੋਕਾਂ ਦੀ ਮੰਗ ਨਾਲੋਂ ਰਾਜਨੀਤਕ ਪੱਖ ਵੱਧ ਭਾਰੂ ਹੁੰਦਾ ਹੈ। ਜ਼ਿਲ੍ਹੇ ਬਣਾਉਣ ਬਾਰੇ ਐਲਾਨ ਅਕਸਰ ਚੋਣਾਂ ਤੋਂ ਠੀਕ ਪਹਿਲਾਂ ਕੀਤੇ ਜਾਂਦੇ ਰਹੇ ਹਨ। ਸੂਬੇ ਵਿੱਚ ਹੁਣ ਜ਼ਿਲ੍ਹਿਆਂ ਦੀ ਗਿਣਤੀ 23 ਅਤੇ ਆਨੰਦਪੁਰ ਸਾਹਿਬ ਨੂੰ 24ਵਾਂ ਜ਼ਿਲ੍ਹਾ ਐਲਾਨਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਸਥਾਰ ਤੇ ਵਿਕਾਸ ਲਈ 10.31 ਕਰੋੜ ਦੀ ਲਾਗਤ ਨਾਲ ਸਕੱਤਰੇਤ ’ਚ ਚਾਰ ਬਲਾਕਾਂ ’ਚੋਂ ਬਲਾਕ ਬੀ ’ਚ ਮੰਜ਼ਿਲਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ। ਕੁੱਲ 48 ਕਮਰੇ ਬਣਾਏ ਜਾਣਗੇ ਅਤੇ 13 ਵਿਅਕਤੀਆਂ ਦੇ ਸਮਰਥਾ ਵਾਲੀ ਨਵੀਂ ਲਿਫਟ ਲੱਗੇਗੀ ਅਤੇ ਸੀਸੀਟੀਵੀ. ਕੈਮਰਾ ਸਿਸਟਮ ਹੋਵੇਗਾ। ਇਹ ਅਤਿ-ਆਧੁਨਿਕ ਇਮਾਰਤ ਫਾਇਰ ਡਿਟੈਕਸ਼ਨ/ਐਮਰਜੈਂਸੀ ਨਿਕਾਸੀ ਅਤੇ ਪਬਲਿਕ ਐਡਰੈਸ ਸਿਸਟਮ ਨਾਲ ਵੀ ਲੈਸ ਹੋਵੇਗੀ। ਐੱਸ ਐੱਸ ਪੀ ਅਜੈ ਗਾਂਧੀ ਨੇ ਕਿਹਾ ਰਿਹਾਇਸ਼ਾਂ ਅਤੇ ਪੁਲੀਸ ਲਾਈਨ ਲਈ ਢੁਕਵੀਂ ਜ਼ਮੀਨ ਹਾਸਲ ਕਰਨ ਲਈ ਕਾਰਵਾਈ ਚੱਲ ਰਹੀ ਹੈ।

Advertisement
Show comments