ਇਨਸਾਫ਼ ਲਈ ਦਰ-ਦਰ ਭਟਕ ਰਿਹੈ ਸਾਬਕਾ ਵਿਧਾਇਕ
ਇਥੋਂ ਦੇ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਇਨਸਾਫ਼ ਲਈ ਦਰ ਦਰ ਭਟਕ ਰਿਹਾ ਹੈ। ਗਰੀਬਾਂ ਦਾ ਮਸੀਹਾ ਮੰਨੇ ਜਾਂਦੇ ਇਸ ਪਰਿਵਾਰ ਦੀ ਸੂਬੇ ਦੀ ਸਿਆਸਤ ’ਚ ਕਿਸੇ ਸਮੇਂ ਤੂਤੀ ਬੋਲਦੀ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਸਾਥੀ ਰੂਪ ਲਾਲ ਨੇ ਬਤੌਰ ਵਿਧਾਇਕ ਵਿਧਾਨ ਸਭਾ ਹਲਕਾ, ਮੋਗਾ ਅਤੇ ਬਾਘਾਪੁਰਾਣਾ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਕ ਜਗ੍ਹਾ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਹੈ। ਉਨ੍ਹਾਂ ਦੀ ਡੇਢ ਫੁੱਟ ਜਗ੍ਹਾ ’ਤੇ ਨਾਜਾਇਜ਼ ਤੌਰ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੀ ਸਥਾਨਕ ਨਗਰ ਨਿਗਮ ਨਹੀਂ ਸੁਣੀ ਤਾਂ ਉਨ੍ਹਾਂ ਇਨਸਾਫ਼ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ। ਕੋਰਟ ਨੇ ਫੈਸਲਾ ਉਸਦੇ ਹੱਕ ਵਿਚ ਦੇ ਦਿੱਤਾ ਪਰ ਪ੍ਰਸ਼ਾਸਨ ਅਦਾਲਤੀ ਹੁਕਮਾਂ ਦੀ ਪਾਲਣਾ ਵੀ ਨਹੀਂ ਕਰ ਰਿਹਾ। ਨਗਰ ਨਿਗਮ ਵੱਲੋਂ ਵਿਵਾਦਤ ਜਗ੍ਹਾ ਨੂੰ ਪਹਿਲਾਂ ਸੀਲ ਕਰ ਦਿੱਤਾ ਪਰ ਅੱਜ ਦੂਸਰੀ ਧਿਰ ਵੱਲੋਂ ਜਿੰਦਰੇ ਤੋੜਕੇ ਮੁੜ ਆਪਣੀ ਦੁਕਾਨ ਨੂੰ ਖੋਲ੍ਹ ਲਈ ਹੈ।
ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤਾ ਸੀ: ਅਧਿਕਾਰੀ
ਨਗਰ ਨਿਗਮ ਕਮਿਸ਼ਨਰ ਕਮ ਏਡੀਸੀ ਚਾਰੂ ਮਿਤਾ ਨੇ ਆਖਿਆ ਕਿ ਵਿਜੇ ਕੁਮਾਰ ਦੀ ਵਿਰੋਧੀ ਧਿਰ ਦੀ ਦੁਕਾਨ ਸੀਲ ਕਰਕੇ ਨਿਗਮ ਵੱਲੋੋਂ ਨੋਟਿਸ ਜਾਰੀ ਕਰ ਕੀਤਾ ਗਿਆ ਸੀ। ਹੁਣ ਉਨ੍ਹਾਂ ਲਿਖਤੀ ਰੂਪ ਵਿਚ ਵਿਵਾਦਤ ਜਗ੍ਹਾ ਦੀ ਤੋੜ-ਭੰਨ ਕਰਕੇ ਰਿਕਾਰਡ ਮੁਤਾਬਕ ਠੀਕ ਕਰਨ ਲਈ ਇੱਕ ਮਹੀਨੇ ਦਾ ਸਮਾਂ ਲਿਆ ਹੈ।