ਸਕੂਲ ’ਚ ਰੋਟੀ ਬੈਂਕ ਦੀ ਸ਼ੁਰੂਆਤ
ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਦੀ ਅਗਵਾਈ ’ਚ ਚੱਲ ਰਹੇ ਬੀ ਬੀ ਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਨੇ ਸਕੂਲ ’ਚ ਰੋਟੀ ਬੈਂਕ ਦੀ ਸ਼ੁਰੂਆਤ ਕੀਤੀ ਹੈ। ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਦੱਸਿਆ ਕਿ ਇਸ ਤਹਿਤ ਸਕੂਲ ਦੇ ਵਿਦਿਆਰਥੀ ਆਪਣੇ ਘਰੋਂ ਰੋਟੀਆਂ ਤੇ ਸਬਜ਼ੀਆਂ ਲੈ ਕੇ ਆਏ, ਜਿਨ੍ਹਾਂ ਨੂੰ ਸਕੂਲ ਵਿੱਚ ਇਕੱਠਾ ਕਰ ਕੇ ‘ਰੋਟੀ ਬੈਂਕ’ ਰਾਹੀਂ ਭਗਤਾ ਭਾਈ ਵਿੱਚ ਲੋੜਵੰਦਾਂ ’ਚ ਵੰਡਿਆ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਨੈਤਿਕ ਤੇ ਮਨੁੱਖੀ ਮੁੱਲਾਂ ਦੀ ਸਮਝ ਵੀ ਹੋਣੀ ਚਾਹੀਦੀ ਹੈ। ਸਕੂਲ ਦੀ ਡਾਇਰੈਕਟਰ ਸ਼ੈਲਜਾ ਮੋਂਗਾ ਨੇ ਕਿਹਾ ਕਿ ਅਕਸਰ ਵਿਆਹਾਂ ਤੇ ਹੋਰ ਸਮਾਗਮਾਂ ‘ਚ ਭੋਜਨ ਵਿਅਰਥ ਜਾਂਦਾ ਹੈ, ਇਸ ਲਈ ਬੱਚਿਆਂ ਵਿੱਚ ਭੋਜਨ ਪ੍ਰਤੀ ਸਤਿਕਾਰ ਤੇ ਕਦਰ ਪੈਦਾ ਕਰਨ ਲਈ ਅਜਿਹਾ ਉਪਰਾਲਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਿੰਸ ਮੋਇਲ, ਜਗਦੀਪ ਸਿੰਘ, ਜਯੋਤੀ ਤੇ ਸਟਾਫ਼ ਮੈਂਬਰ ਹਾਜ਼ਰ ਸਨ।
ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਝੰਡੀ
ਮਲੋਟ: ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਦੀ ਪ੍ਰਬੰਧਕੀ ਕਮੇਟੀ ਦੇ ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਦੱਸਿਆ ਕਿ 29 ਅਕਤੂਬਰ ਤੋਂ 1 ਨਵੰਬਰ ਤੱਕ ਦਸਮੇਸ਼ ਗਰਲਜ਼ ਕਾਲਜ, ਪਿੰਡ ਬਾਦਲ ਵਿੱਚ ਹੋਏ ਯੁਵਕ ਮੇਲੇ ਵਿੱਚ ਕਾਲਜ ਨੇ 64 ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨ੍ਹਾਂ ’ਚੋਂ ਗਿੱਧੇ ਦੀ ਟੀਮ ਪਹਿਲੇ ਅਤੇ ਭੰਗੜੇ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ 37 ਹੋਰ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਓਵਰਆਲ ਜੇਤੂ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਅਤੇ ਫਾਇਰ ਹਰਦੀਪ ਸਿੰਘ ਸੰਧੂ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਝੱਬਰ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਬਣੇ
ਮਾਨਸਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ ਨੇ ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਝੱਬਰ ਨੂੰ ਦੂਜੀ ਵਾਰ ਅੰਤ੍ਰਿੰਗ ਕਮੇਟੀ ਦਾ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ। ਸ੍ਰੀ ਝੱਬਰ ਦੀ ਨਿਯੁਕਤੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣੇ ਜਾਣ ਉਪਰੰਤ ਕੀਤੀ ਹੈ। ਸ੍ਰੀ ਝੱਬਰ ਸਿੱਖ ਮਾਮਲਿਆਂ, ਵੱਖ-ਵੱਖ ਪੰਥਕ ਮੁੱਦਿਆਂ ’ਤੇ ਬੁਲਾਰੇ ਵਜੋਂ ਵਿਚਰਦੇ ਰਹੇ ਹਨ। ਸ੍ਰੀ ਝੱਬਰ ਨੇ ਕਿਹਾ ਕਿ ਉਹ ਸਿੱਖ ਮਸਲਿਆਂ, ਮੁੱਦਿਆਂ ਅਤੇ ਗੁਰੂਘਰਾਂ ਦੀ ਸੇਵਾ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਰਹਿਣਗੇ। -ਪੱਤਰ ਪ੍ਰੇਰਕ
ਸਕੂਲੀ ਬੱਚਿਆਂ ਦਾ ਸਨਅਤੀ ਟੂਰ
ਭਾਈ ਰੂਪਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਐੱਚ ਬੀ ਬੱਸ ਬਾਡੀ ਬਿਲਡਰਜ਼ ਅਤੇ ਗੋਬਿੰਦ ਬੱਸ ਬਾਡੀ ਬਿਲਡਰਜ਼ ਭਦੌੜ ਦਾ ਇੰਡਸਟਰੀਅਲ ਟੂਰ ਲਗਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਹਰੀ ਝੰਡੀ ਟੂਰ ਨੂੰ ਰਵਾਨਾ ਕੀਤਾ। ਇਸ ਮੌਕੇ ਐੱਚ ਬੀ ਇੰਡਸਟਰੀ ਦੇ ਮਾਲਕ ਇੰਜਨੀਅਰ ਗੁਰਤੇਜ ਸਿੰਘ ਅਤੇ ਹਰਜੋਤ ਕੌਰ ਨੇ ਬੱਸਾਂ ਦੀਆਂ ਬਾਡੀਆਂ ਤਿਆਰੀ ਹੋਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਸਾਹਿਬ ਪਾਤਸ਼ਹੀ ਛੇਵੀਂ ਭਦੌੜ ਵਿੱਚ ਮੱਥਾ ਟੇਕਿਆ। ਇਸ ਮੌਕੇ ਅਧਿਆਪਕ ਸਰਬਜੀਤ ਕੌਰ, ਕਿਰਨਜੀਤ ਕੌਰ, ਸੁਖਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਪੰਜਾਬੀ ਵਿਸ਼ੇ ਨਾਲ ਸਬੰਧਤ ਪ੍ਰਦਰਸ਼ਨੀ
ਮਾਨਸਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿੱਚ ਸਕੂਲ ਦੇ ਵਿਹੜੇ ਵਿੱਚ ਪੰਜਾਬੀ ਵਿਸ਼ੇ ਨਾਲ ਸਬੰਧਤ ਮੇਲਾ-ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪੰਜਾਬੀ ਮੇਲੇ ਦਾ ਆਰੰਭ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਵੱਲੋਂ ਕੀਤਾ ਗਿਆ। ਸਟੇਟ ਐਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਸ਼ੇ ਨਾਲ ਸਬੰਧਤ ਮਾਡਲ, ਚਾਰਟ, ਸਕਰੈਪ ਬੁੱਕ ਆਦਿ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੁਰਾਤਨ ਚੀਜ਼ਾਂ ਦੀ ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ। ਉਨ੍ਹਾਂ ਦੱਸਿਆ ਕਿ ਇਸ ਪੰਜਾਬੀ ਮੇਲੇ ਵਿੱਚ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਸੈਲਫੀ ਪੁਆਇੰਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਅਧਿਆਪਕ ਸੁਖਬੀਰ ਕੌਰ, ਅੰਜਨਾ ਰਾਣੀ ਅਤੇ ਕੈਪਟਨ ਬਾਬੂ ਸਿੰਘ ਵੀ ਮੌਜੂਦ ਸਨ। -ਪੱਤਰ ਪ੍ਰੇਰਕ
ਸਾਲਾਨਾ ਹਾਜ਼ਰੀ ਬਾਰੇ ਵਿਸ਼ੇਸ਼ ਕੈਂਪ
ਮਾਨਸਾ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਮਾਨਸਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਭਾਰਤੀ ਫ਼ੌਜ ਸਬੰਧੀ ਪੈਨਸ਼ਨ ਲੈ ਰਹੇ ਜਿਨ੍ਹਾਂ ਸਾਬਕਾ ਸੈਨਿਕਾਂ/ ਵਿਧਵਾਵਾਂ/ ਆਸ਼ਰਿਤਾਂ ਦੀ ਮਹੀਨਾ ਨਵੰਬਰ 2025 ਦੌਰਾਨ ਜੀਵਤ ਹੋਣ ਸਬੰਧੀ ਆਨਲਾਈਨ ਸਪਰਸ਼ ਹਾਜ਼ਰੀ ਲੱਗਣੀ ਹੈ, ਉਨ੍ਹਾਂ ਦੀ ਸਹੂਲਤ ਲਈ ਮਾਨਸਾ ਦਫ਼ਤਰ ਵਿੱਚ ਸਾਲਾਨਾ ਹਾਜ਼ਰੀ ਲਗਾਉਣ ਲਈ 17 ਨਵੰਬਰ ਤੱਕ ਇੱਕ ਵਿਸ਼ੇਸ਼ ਪੰਦਰਵਾੜਾ ਕੈਂਪ ਲਗਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ
