ਹੜ੍ਹਾਂ ਦੀ ਮਾਰ: ਫ਼ਸਲਾਂ ਗਲੀਆਂ ਤੇ ਮਕਾਨ ਡਿੱਗੇ
ਜਿਵੇਂ-ਜਿਵੇਂ ਹੜ੍ਹ ਦਾ ਪਾਣੀ ਘੱਟ ਰਿਹਾ ਹੈ ਤਾਂ ਖੇਤਾਂ ਵਿੱਚ ਝੋਨਾ ਦਿੱਸਣਾ ਸ਼ੁਰੂ ਹੋ ਗਿਆ ਹੈ ਪਰ ਕਿਸਾਨਾਂ ਦੇ ਚਿਹਰੇ ਪੂਰੀ ਤਰ੍ਹਾਂ ਮੁਰਝਾਏ ਹੋਏ ਹਨ। ਹੜ੍ਹ ਮਾਰੇ ਪਿੰਡਾਂ ਦੇ ਹਾਲਾਤ ਬਿਆਨ ਕਰਦੇ ਹਨ ਕਿ ਹੜ੍ਹ ਸਿਰਫ ਪਾਣੀ ਹੀ ਨਹੀਂ ਲਿਆਉਂਦਾ, ਸਗੋਂ ਗਰੀਬ ਪਰਿਵਾਰਾਂ ਤੋਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ, ਉਨ੍ਹਾਂ ਦਾ ਸਹਾਰਾ ਅਤੇ ਉਨ੍ਹਾਂ ਦਾ ਭਵਿੱਖ ਵੀ ਖੋਹ ਲੈਂਦਾ ਹੈ।
ਪਿੰਡ ਆਲੇ ਵਾਲਾ ਦੇ ਕਿਸਾਨ ਬਲਵੀਰ ਸਿੰਘ ਅਤੇ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਪੂਰੇ ਇਲਾਕੇ ਦਾ ਝੋਨਾ ਪੂਰੀ ਤਰ੍ਹਾਂ ਗਲ ਚੁੱਕਾ ਹੈ। ਗਲੇ ਹੋਏ ਝੋਨੇ ਦੀ ਬਦਬੂ ਕਾਰਨ ਕਿਸਾਨਾਂ ਲਈ ਰਾਤ ਨੂੰ ਸੋਣਾ ਤੇ ਰੋਟੀ-ਪਾਣੀ ਖਾਣਾ ਮੁਸ਼ਕਲ ਹੋ ਗਿਆ ਹੈ। ਝੋਨੇ ਦੇ ਮੁੱਢ ਕੀੜਿਆਂ ਨਾਲ ਭਰ ਗਏ ਹਨ, ਜਦਕਿ ਕਈ ਥਾਵਾਂ ਉੱਤੇ ਹੜ੍ਹ ਦਾ ਪਾਣੀ ਆਪਣੇ ਨਾਲ ਮੱਛੀਆਂ ਦੇ ਝੁੰਡ ਛੱਡ ਗਿਆ ਹੈ, ਜਿਨ੍ਹਾਂ ਦੇ ਮਰਨ ਕਾਰਨ ਬਦਬੂ ਆ ਰਹੀ ਹੈ। ਕਿਸਾਨ ਜੋੜੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਈ ਖਾਸ ਸਪਰੇ ਜਾਂ ਦਵਾਈ ਦਾ ਛਿੜਕਾ ਕੀਤਾ ਜਾਵੇ ਤਾਂ ਜੋ ਇਹ ਬਦਬੂ ਖ਼ਤਮ ਹੋ ਸਕੇ ਅਤੇ ਹੜ੍ਹ ਪੀੜਤ ਪਿੰਡਾਂ ਵਿੱਚ ਭਿਆਨਕ ਬਿਮਾਰੀਆਂ ਦਾ ਖਤਰਾ ਨਾ ਵਧੇ। ਇੱਕ ਗਰੀਬ ਮਜ਼ਦੂਰ ਇੰਦਰਜੀਤ ਸਿੰਘ ਦੱਸਿਆ ਹੈ ਕਿ ਉਹ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਇੰਦਰਜੀਤ ਨੇ ਦੱਸਿਆ ਕਿ ਜਦੋਂ ਪਾਣੀ ਆਇਆ ਤਾਂ ਉਨ੍ਹਾਂ ਦੇ ਕੱਚੇ ਕਮਰਿਆਂ ਦੀਆਂ ਛੱਤਾਂ ਢਹਿ ਗਈਆਂ। ਘਰ ਦਾ ਸਾਰਾ ਸਾਮਾਨ ਮਲਬੇ ਹੇਠਾਂ ਦੱਬ ਗਿਆ, ਜੋ ਉਨ੍ਹਾਂ ਰਿਸ਼ਤੇਦਾਰਾਂ ਕੋਲ ਰੱਖਿਆ ਹੋਇਆ ਹੈ। ਸਾਡੇ ਕੱਚੇ ਘਰ ਪੂਰੀ ਤਰ੍ਹਾਂ ਢਹਿ ਚੁੱਕੇ ਹਨ। ਉਨ੍ਹਾਂ ਕੋਲ ਇੰਨੀ ਪੂੰਜੀ ਨਹੀਂ ਕਿ ਹੁਣ ਘਰ ਦੀ ਮੁਰੰਮਤ ਕਰ ਸਕੀਏ। ਇਸੇ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਦਾ ਦਰਦ ਹੋਰ ਵੀ ਗਹਿਰਾ ਹੈ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਅਤੇ ਅੱਠ ਮਹੀਨੇ ਪਹਿਲਾਂ ਹੀ ਉਸਦੇ ਜਵਾਨ ਪੁੱਤਰ ਸੁਰਜੀਤ ਸਿੰਘ ਦੀ ਮੌਤ ਹੋਈ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪੁੱਤ ਦੀ ਮੌਤ ਦੇ ਗਮ ਤੋਂ ਕੁਝ ਉਭਰੇ ਹੀ ਸਨ ਕਿ ਹੜ੍ਹ ਨੇ ਸਾਡਾ ਸਭ ਕੁਝ ਖ਼ਤਮ ਕਰ ਦਿੱਤਾ। ਉਸ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਸਾਡੇ ਘਰ ਦੀਆਂ ਨੀਹਾਂ ਤੱਕ ਖੋਖਲੀਆਂ ਕਰ ਦਿੱਤੀਆਂ ਹਨ। ਕੰਧਾਂ ਵਿੱਚ ’ਚ ਤਰੇੜਾਂ ਪੈਣ ਕਾਰਨ ਮਕਾਨ ਰਹਿਣ ਯੋਗ ਨਹੀਂ ਰਿਹਾ। ਦੋ ਏਕੜ ਜ਼ਮੀਨ ਵਿੱਚ ਬੀਜੀ ਫ਼ਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ। ਉਸ ਨੇ ਦੱਸਿਆ ਕਿ ਉਹ ਰਾਜਗਿਰੀ ਮਿਸਤਰੀ ਦੀ ਦਿਹਾੜੀ ਨਾਲ ਘਰ ਚਲਾਉਂਦਾ ਸੀ, ਪਰ ਹੜ੍ਹ ਆਉਣ ਨਾਲ ਉਹ ਕੰਮ ਵੀ ਬੰਦ ਹੋ ਗਿਆ ਹੈ। ਪਿੰਡ ਬੰਡਾਲਾ ਦੇ ਨੇੜਲੇ ਪਿੰਡ ਕਾਲੇਕੇ ਦੀ ਵਿਧਵਾ ਮਨਜੀਤ ਕੌਰ ਦੱਸਿਆ ਹੈ ਕਿ ਹੜ੍ਹ ਦੇ ਪਾਣੀ ਨੇ ਮੇਰੇ ਕੱਚੇ ਘਰ ਦੀ ਛੱਤ ਡਿੱਗ ਪਈ। ਹੁਣ ਨਾ ਸਿਰ ਤੇ ਛੱਤ ਰਹੀ ਹੈ ਤੇ ਨਾ ਹੀ ਮੁਰੰਮਤ ਲਈ ਪੈਸੇ ਹਨ। ਇਸ ਬੁੱਢਾਪੇ ਵਿੱਚ ਸਮਝ ਨਹੀਂ ਆ ਰਿਹਾ ਕਿ ਅੱਗੇ ਜੀਵਨ ਕਿਵੇਂ ਗੁਜ਼ਾਰੇਗੀ।
ਕੈਲਾਸ਼ ਰਾਣੀ ਨੇ ਰਾਹਤ ਕੈਂਪ ’ਚ ਪੁੱਤਰ ਨੂੰ ਜਨਮ ਦਿੱਤਾ
ਫਾਜ਼ਿਲਕਾ (ਪਰਮਜੀਤ ਸਿੰਘ): ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਲੋਕ ਬੇਘਰ ਹੋ ਗਏ ਅਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਸਰਹੱਦੀ ਖੇਤਰ ਵਿੱਚ ਭਾਵੇਂ ਪਾਣੀ ਦਾ ਪੱਧਰ ਘੱਟ ਗਿਆ ਹੈ, ਪਰੰਤੂ ਮੁਸੀਬਤਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਸਰਹੱਦੀ ਖੇਤਰ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਾਣੀ ਵੜਨ ਕਾਰਨ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਫਾਜ਼ਿਲਕਾ ਦੇ ਤਿੰਨ ਪਾਸਿਓਂ ਪਾਕਿਸਤਾਨ ਅਤੇ ਚੌਥੇ ਪਾਸੇ ਸਤਲੁਜ ਦਰਿਆ ਨਾਲ ਘਿਰੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਵੀ ਦਰਜਨਾਂ ਤੋਂ ਵੱਧ ਪਰਿਵਾਰਾਂ ਨੂੰ ਇਨ੍ਹਾਂ ਰਾਹਤ ਕੈਂਪਾਂ ਵਿੱਚ ਰਹਿਣ ਲਈ ਆਉਣਾ ਪਿਆ। ਪਿੰਡ ਮੁਹਾਰ ਜਮਸ਼ੇਰ ਦੀ ਰਹਿਣ ਵਾਲੀ ਕੈਲਾਸ਼ ਰਾਣੀ ਨੇ ਇਸ ਰਾਹਤ ਕੇਂਦਰ ਵਿੱਚ ਬੱਚੇ ਨੂੰ ਜਨਮ ਦਿੱਤਾ। ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪੰਜ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਅਤੇ ਤਿੰਨ ਲੜਕੇ ਹਨ। ਪਿੰਡ ਤੇਜਾ ਰੁਹੇਲਾ ਦੀ ਸੁਨੀਤਾ ਰਾਣੀ ਨੇ ਲੜਕੀ ਨੂੰ ਜਨਮ ਦਿੱਤਾ। ਚੱਕ ਖੀਵਾ ਦੀ ਸੰਤੋਸ਼ ਰਾਣੀ ਨੇ ਵੀ ਲੜਕੀ ਨੂੰ ਜਨਮ ਦਿੱਤਾ। ਪਿੰਡ ਮਹਾਤਮ ਨਗਰ ਦੀ ਮਿੱਤੋ ਬਾਈ ਨੇ ਲੜਕੇ ਤੇ ਮੁਹਾਰ ਜਮਸ਼ੇਰ ਦੀ ਨਿਰਮਲਾ ਰਾਣੀ ਨੇ ਲੜਕੇ ਅਤੇ ਕੈਲਾਸ਼ ਰਾਣੀ ਨੇ ਵੀ ਲੜਕੇ ਨੂੰ ਜਨਮ ਦਿੱਤਾ। ਇਨ੍ਹਾਂ ਬੱਚਿਆਂ ਨੇ ਸਰਕਾਰੀ ਹਸਪਤਾਲ ’ਚ ਜਨਮ ਲਿਆ ਕਿਉਂਕਿ ਗਰਭਵਤੀ ਔਰਤਾਂ ਨੂੰ ਹੜ੍ਹ ਦੇ ਪਾਣੀ ’ਚੋਂ ਬਚਾਅ ਕੇ ਲਿਆਂਦਾ ਗਿਆ ਸੀ। ਹੜ੍ਹਾਂ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਇਸ ਪਿੰਡ ਦੀਆਂ ਫ਼ਸਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਰਾਹਤ ਕੈਂਪ ਵਿੱਚ ਪਹੁੰਚਣ ’ਤੇ ਸਾਰਿਆਂ ਦੀ ਹਿਸਟਰੀ ਜਾਨਣ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਨਿਰੀਖਣ ਲਈ ਸਿਵਲ ਹਸਪਤਾਲ ਫਾਜ਼ਿਲਕਾ ’ਚ ਭੇਜਿਆ ਗਿਆ। ਡਾਕਟਰਾਂ ਵੱਲੋਂ ਕੈਲਾਸ਼ ਰਾਣੀ ਦਾ ਨਿਰੀਖਣ ਕਰਨ ਉਪਰੰਤ ਕੁਝ ਦਿਨ ਬਾਅਦ ਜਣੇਪੇ ਦੀ ਤਰੀਕ ਦੱਸੀ ਗਈ। ਕੈਲਾਸ਼ ਰਾਣੀ ਨੇ ਤੰਦਰੁਸਤ ਲੜਕੇ ਨੂੰ ਜਨਮ ਦਿੱਤਾ। ਹੁਣ ਜੱਚਾ ਅਤੇ ਬੱਚਾ ਦੋਨੋਂ ਤੰਦਰੁਸਤ ਹਨ। ਕੈਲਾਸ਼ ਰਾਣੀ ਆਪਣੇ ਬੱਚੇ ਦੇ ਜਨਮ ਦੀ ਖੁਸ਼ੀ ਦਾ ਇਜ਼ਹਾਰ ਤਾਂ ਕੀਤਾ ਪਰ ਉਸ ਨੇ ਨਾਮੋਸ਼ੀ ਨਾਲ ਦੱਸਿਆ ਕਿ ਉਨ੍ਹਾਂ ਦਾ ਪਿੰਡ ਮੁਹਾਰ ਜਮਸ਼ੇਰ ਵਿਚਲਾ ਕੱਚਾ ਘਰ ਢਹਿ ਗਿਆ ਹੈ, ਜਿਸ ਦਾ ਉਸ ਨੂੰ ਬੇਹੱਦ ਦੁੱਖ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਹੈ ਤਾਂ ਘਰ ਦੀ ਦਹਿਲੀਜ਼ ਦੇ ਉੱਪਰ ਸ਼ਰੀਂਹ ਦੇ ਹਰੇ ਪੱਤਿਆਂ ਨੂੰ ਸ਼ਿੰਗਾਰ ਕੇ ਬੰਨ੍ਹਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਨ੍ਹਾਂ ਦੇ ਘਰ ਖੁਸ਼ੀ ਆਈ ਹੈ, ਪ੍ਰੰਤੂ ਅੱਜ ਇਹ ਵੀ ਨਸੀਬ ਨਹੀਂ ਹੋਇਆ। ਕੈਲਾਸ਼ ਰਾਣੀ ਦਾ ਕਹਿਣਾ ਹੈ ਕਿ ਉਹ ਭੱਠੇ ’ਤੇ ਮਜ਼ਦੂਰੀ ਕਰਦੇ ਹਨ ਅਤੇ ਹੁਣ ਮਜ਼ਦੂਰੀ ਕਰਕੇ ਘਰ ਬਣਾਉਣਾ ਮੁਸ਼ਕਲ ਜਾਪਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਢਹਿ-ਢੇਰੀ ਹੋਏ ਰਹਿਣ-ਬਸੇਰੇ ਨੂੰ ਬਣਾਉਣ ਲਈ ਸਰਕਾਰ ਉਨ੍ਹਾਂ ਦਾ ਦੁਬਾਰਾ ਪ੍ਰਬੰਧ ਕਰੇ।