ਹੜ੍ਹਾਂ ਦੀ ਮਾਰ: ਕਣਕ ਦੀ ਬਿਜਾਈ ਕਿਸਾਨਾਂ ਲਈ ਚੁਣੌਤੀ
ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘਿਰ ਗਈ ਹੈ। ਪਿੰਡ ਫੱਤੇ ਵਾਲਾ ਦੇ ਕਿਸਾਨ ਰਾਏ ਵੀਰ ਸਿੰਘ ਕਚੂਰਾ ਨੇ ਦੱਸਿਆ ਕਿ ਪਾਣੀ ਘਰਾਂ ਵਿੱਚ ਵੜਨ ਨਾਲ ਮਕਾਨਾਂ ਵਿੱਚ ਚਿੱਕੜ ਜਮ ਗਿਆ ਹੈ, ਤਰੇੜਾਂ ਪੈ ਗਈਆਂ ਹਨ। ਰਾਏ ਵੀਰ ਸਿੰਘ ਨੇ ਦੱਸਿਆ ਕਿ ਜਦੋਂ ਹੜ੍ਹ ਨੇ ਆਪਣਾ ਕਹਿਰ ਢਾਹਿਆ ਤਾਂ ਉਸ ਸਮੇਂ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣੀਆਂ ਮੁਨਾਸਿਬ ਸਮਝੀਆਂ। ਇਸ ਤੋਂ ਇਲਾਵਾ ਕਈ ਲੋਕਾਂ ਦੇ ਪਸ਼ੂ ਵੀ ਸੁਰੱਖਿਆ ਬਾਹਰ ਨਾ ਨਿਕਲ ਸਕੇ ਅਤੇ ਘਰਾਂ ਵਿੱਚ ਹੀ ਰਹਿ ਗਏ। ਰਾਏ ਵੀਰ ਸਿੰਘ ਨੀ ਦੱਸਿਆ ਕਿ ਕੁਝ ਸਮੇਂ ਦੌਰਾਨ ਕੁਝ ਪਸ਼ੂ ਘਰਾਂ ਵਿੱਚ ਹੀ ਮਰ ਗਏ ਹਨ। ਇਨ੍ਹਾਂ ਮਰੇ ਹੋਏ ਪਸ਼ੂਆਂ ਦੀ ਬਦਬੂ ਫੈਲਣ ਰਹੀ ਹੈ। ਇਸ ਬਦਬੂ ਕਾਰਨ ਪਸ਼ੂਆਂ ਅਤੇ ਆਮ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਵੱਧ ਰਿਹਾ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਆਉਣ ਤੋਂ ਬਾਅਦ ਘਰੇਲੂ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ ਜਿਸ ਕਾਰਨ ਘਰ ਦੇ ਖਰਚਿਆਂ ਦੀ ਚਿੰਤਾ ਸਤਾ ਰਹੀ ਹੈ। ਘਰਾਂ ਦਾ ਵਰਤੋਂ ਵਾਲਾ ਸਾਮਾਨ ਵੀ ਖ਼ਰਾਬ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪੂਰੀ ਤਰ੍ਹਾਂ ਰੇਤਾ ਅਤੇ ਪਾਣੀ ਭਰ ਗਿਆ ਹੈ। ਰੇਤਾ ਤੇ ਪਾਣੀ ਕੱਢਣ ਵਿੱਚ ਸਮਾਂ ਲੱਗੇਗਾ ਅਤੇ ਕਣਕ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨੀ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਰਾਏ ਵੀਰ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦੇ ਡਾਕਟਰ ਭੇਜੇ ਤਾਂ ਜੋ ਪਸ਼ੂਆਂ ਦਾ ਚੈੱਕਅਪ ਕਰਕੇ ਸਮੇਂ-ਸਿਰ ਇਲਾਜ ਹੋ ਸਕੇ ਅਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਕਿਸਾਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਕਿ ਹੜ੍ਹ ਦੀ ਇਹ ਤ੍ਰਾਸਦੀ ਲੰਮਾ ਸਮਾਂ ਚੱਲਣ ਵਾਲੀ ਹੈ, ਇਸ ਲਈ ਲੋਕਾਂ ਨੂੰ ਸਿਰਫ ਖਾਣ ਵਾਲਾ ਸਮਾਨ ਨਹੀਂ, ਸਗੋਂ ਡੀਜ਼ਲ ਤੇਲ, ਖਾਦ ਅਤੇ ਕਣਕ ਦਾ ਬੀਜ ਵੀ ਸਹੀ ਤਰੀਕੇ ਨਾਲ ਤਰਤੀਬ ਵਾਰ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਗਰੀਬ ਅਤੇ ਦਿਹਾੜੀਦਾਰ ਲੋਕ, ਜਿਨ੍ਹਾਂ ਦੇ ਰੁਜ਼ਗਾਰ ਦੇ ਵਸੀਲੇ ਖ਼ਤਮ ਹੋ ਗਏ ਹਨ, ਉਨ੍ਹਾਂ ਦਾ ਵੀ ਖਿਆਲ ਰੱਖਿਆ ਜਾਵੇ। ਪਿੰਡ ਅਗੌਲ ਜ਼ਿਲ੍ਹਾ ਪਟਿਆਲਾ ਤੂੰ ਹਰਿੰਦਰਜੀਤ ਸਿੰਘ, ਹਰਦੀਪ ਸਿੰਘ, ਖੁਸ਼ਦੀਪ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ ਪਿੰਡ ਆਲੇ ਵਾਲਾ ਦੇ ਇਲਾਕੇ ਵਿੱਚ ਪਹਿਲੀ ਵਾਰ ਰਾਹਤ ਸਮੱਗਰੀ ਵੰਡਣ ਆਏ ਸਨ।
ਸੜਕ ਖਰਾਬ ਹੋਣ ਕਾਰਨ ਉਨ੍ਹਾਂ ਦੀ ਟਰਾਲੀ ਪਾਣੀ ਵਿੱਚ ਪਲਟ ਗਈ ਅਤੇ ਟਰਾਲੀ ਵਿੱਚ ਲੱਦਿਆ ਹੋਇਆ ਪਸ਼ੂਆਂ ਦਾ ਚਾਰਾ (ਅਚਾਰ ਦੀਆਂ ਗੱਠਾਂ) ਪਾਣੀ ਵਿੱਚ ਡਿੱਗ ਪਿਆ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਨੇ ਸਾਨੂੰ ਬਚਾਉਣ ਦੀ ਬਚਾਏ ਚਾਰੇ ਦੀਆਂ ਗੱਠਾਂ ਆਪਣੇ ਆਪਣੇ ਘਰਾਂ ਨੂੰ ਲਿਜਾਣ ਨੂੰ ਪਹਿਲ ਦਿੱਤੀ। ਸਿਰਫ਼ ਇੱਕ ਦੋ ਵਿਅਕਤੀਆਂ ਵੱਲੋਂ ਹੀ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ। ਉਕਤ ਲੋਕਾਂ ਦਾ ਕਹਿਣਾ ਕਿ ਹੜ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ।
