ਹੜ੍ਹਾਂ ਦੀ ਮਾਰ: ਢਾਣੀਆਂ ’ਚ ਰਹਿੰਦੇ ਲੋਕਾਂ ਦੀ ਉਲਝੀ ਤਾਣੀ
ਸਰਹੱਦੀ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਇੱਥੋਂ ਦੀਆਂ ਲਗਪਗ ਸਾਰੀਆਂ ਹੀ ਸੜਕਾਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਲੋਕਾਂ ਦਾ ਆਸ-ਪਾਸ ਦੇ ਪਿੰਡਾਂ ਦੇ ਨਾਲ-ਨਾਲ ਸ਼ਹਿਰ ਨਾਲੋਂ ਵੀ ਸੰਪਰਕ ਟੁੱਟ ਚੁੱਕਿਆ ਹੈ। ਹੜ੍ਹ ਕਾਰਨ ਪਿੰਡ ਰਾਮ ਸਿੰਘ ਵਾਲੀ ਭੈਣੀ ਤੋਂ ਝੰਗੜ ਭੈਣੀ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਬਹੁਤ ਨੁਕਸਾਨੀਆਂ ਗਈਆਂ ਹਨ। ਦੂਜੇ ਪਾਸੇ ਸਰਹੱਦੀ ਪਿੰਡ ਪਾਣੀ ’ਚ ਘਿਰੇ ਹੋਏ ਹਨ। ਇਸ ਦੌਰਾਨ ਸਮਾਜ ਸੇਵੀ ਤੇ ਪ੍ਰਸ਼ਾਸਨ ਦੀਆਂ ਟੀਮਾਂ ਉਨ੍ਹਾਂ ਤੱਕ ਸਾਮਾਨ ਪਹੁੰਚਾ ਰਹੀਆਂ ਹਨ ਪਰ ਢਾਣੀਆਂ ’ਚ ਰਹਿੰਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਲੋੜੀਂਦਾ ਸਾਮਾਨ ਨਹੀਂ ਪੁੱਜ ਰਿਹਾ। ਉਨ੍ਹਾਂ ਕੋਲ ਹਰੇ ਚਾਰੇ ਤੇ ਆਪਣੇ ਲਈ ਰਾਸ਼ਨ ਦੀ ਘਾਟ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ। ਬਲਵੀਰ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਹੜ੍ਹ ਨਾਲ ਜਿੱਥੇ ਉਨ੍ਹਾਂ ਦੀਆਂ ਫ਼ਸਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਉਨ੍ਹਾਂ ਦੇ ਪਿੰਡਾਂ ਦੀਆਂ ਸੜਕਾਂ ਵੀ ਬਹੁਤ ਨੁਕਸਾਨੀਆਂ ਗਈਆਂ ਹਨ। ਜਿਸ ਕਾਰਨ ਬਹੁਤ ਸਾਰੇ ਪਿੰਡਾਂ ਦਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਨਾਲ ਸੰਪਰਕ ਟੁੱਟ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਨਜਦੀਕ ਪਿੰਡ ਝੰਗੜ ਭੈਣੀ ਤੇ ਆਸ ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਵੀ ਹੜ੍ਹ ਕਾਰਨ ਬਹੁਤ ਨੁਕਸਾਨੀ ਗਈ ਹੈ। ਇਸ ਸੜਕ ’ਤੇ 3 ਤੋਂ 4 ਫੁੱਟ ਤੱਕ ਪਾਣੀ ਗੁਜ਼ਰ ਰਿਹਾ ਹੈ ਅਤੇ ਥਾਂ-ਥਾਂ ’ਤੇ ਡੂੰਘੇ ਖੱਡੇ ਪੈ ਚੁੱਕੇ ਹਨ। ਸਰਹੱਦੀ ਪਿੰਡ ਗੇਹਲੇ ਵਾਲਾ ਚ ਪਾਣੀ ਭਰ ਜਾਣ ਕਾਰਨ ਇਹ ਗੱਲ ਦੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਅਤੇ ਪਸ਼ੂ ਹਰੇ ਚਾਰੇ ਦੀ ਪਹੁੰਚ ਵੀ ਨਹੀਂ ਬਣ ਰਹੀ। ਪਿੰਡ ਵਾਸੀ ਸੰਤੋਖ ਸਿੰਘ, ਜਸਵੰਤ ਸਿੰਘ, ਗੁਰਮੁੱਖ ਸਿੰਘ ਅਤੇ ਸੋਨਾ ਸਿੰਘ ਅਤੇ ਹੋਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀ ਮਦਦ ਕੀਤੀ ਜਾਵੇ। ਇਸੇ ਤਰ੍ਹਾਂ ਕਈ ਪਿੰਡਾਂ ਦੀਆਂ ਢਾਣੀਆਂ ‘ਤੇ ਲੋਕ ਰਾਤ ਕੈਂਪਾਂ ਵਿੱਚ ਆਉਣ ਲਈ ਤਿਆਰ ਨਹੀਂ ਅਤੇ ਉਨ੍ਹਾਂ ਲਈ ਬੇੜੀਆਂ ਵੀ ਨਹੀਂ ਪਹੁੰਚਾਈਆਂ ਜਾ ਰਹੀਆਂ। ਇਸੇ ਨੂੰ ਲੈ ਕੇ ਕਈ ਲੋਕ ਆਪਣੀਆਂ ਟਿਊਬਾਂ ਰਾਹੀਂ ਸਫ਼ਲ ਕਰਨ ਲਈ ਮਜਬੂਰ ਹਨ। ਸਤਲੁਜ ਦਰਿਆ ’ਤੇ ਬਣੇ ਬੰਨ੍ਹ ਦੀ ਹਾਲਤ ਬਹੁਤ ਨਾਜ਼ੁਕ ਹੈ, ਜਿਸ ਸਬੰਧੀ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉੱਥੇ ਬਿਨਾਂ ਕਾਰਨ ਨਾ ਜਾਇਆ ਜਾਵੇ। ਸਰਹੱਦੀ ਖੇਤਰ ਦੇ ਲੋਕਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ। ਜਿਹੜੀ ਵੀ ਸਮਾਜ ਸੇਵੀ ਲੋਕਾਂ ਕੋਲ ਰਾਹਤ ਸਮੱਗਰੀ ਪਹੁੰਚਾਉਣ ਲਈ ਜਾ ਰਹੇ ਹਨ ਜਾਂ ਫਿਰ ਮੀਡੀਆ ਕਰਮੀ ਕਵਰ ਕਰ ਰਹੇ ਹਨ ਉਨ੍ਹਾਂ ਵੀ ਉਥੋਂ ਦੇ ਹਾਲਾਤ ਦੇਖ ਕੇ ਭਾਵੁਕ ਹੋ ਜਾਂਦੇ ਹਨ। ਪ੍ਰਸ਼ਾਸਨ ਅਤੇ ਸਮਾਜ ਸੇਵੀ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ ਪਰੰਤੂ ਰਾਜਸੀ ਨੇਤਾਵਾਂ ਵੱਲੋਂ ਕੋਈ ਵੀ ਹਕੀਕੀ ਤੌਰ ’ਤੇ ਭਵਿੱਖ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਕੋਈ ਵੀ ਐਲਾਨ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਿਹਾ ਹੈ। ਲੋਕ ਸਿੱਧੇ ਤੌਰ ’ਤੇ ਸੱਤਾਧਾਰ ਧਿਰ ਦੇ ਆਗੂਆਂ ਨੂੰ ਸਵਾਲ ਕਰ ਰਹੇ ਹਨ ਕਿ ਉਹ ਉਨ੍ਹਾਂ ਮੁਆਵਜ਼ਾ ਨਾ ਦੇਣ ਪ੍ਰੰਤੂ ਦੀ ਸਮੱਸਿਆ ਦਾ ਪੱਕਾ ਹੱਲ ਕਰਨ।
ਫ਼ਿਰੋਜ਼ਪੁਰ ’ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਹੜ੍ਹ ਪੀੜਤ
ਜਸਪਾਲ ਸਿੰਘ ਸੰਧੂ (ਮੱਲਾਂਵਾਲਾ/ਫਿਰੋਜ਼ਪੁਰ): ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ’ਚ ਹੜ੍ਹਾਂ ਦੀ ਮਾਰ ਬਰਕਰਾਰ ਹੈ। ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਲਾਂਕਿ ਪ੍ਰਸ਼ਾਸਨ ਤੇ ਸਮਾਜ ਸੇਵੀ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੇ ਹਨ ਪਰ ਫਿਰ ਵੀ ਇਹ ਉਪਰਾਲੇ ਪੀੜਤਾਂ ਲਈ ਘੱਟ ਜਾਪ ਰਹੇ ਹਨ। ਦੂਜੇ ਪਾਸੇ ਹਰੀਕੇ ਹੈੱਡ ਵਰਕਰਸ ਤੋਂ ਸਤਲੁਜ ਦਰਿਆ ਵਿੱਚ ਅੱਜ ਸਵੇਰੇ 277436 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਦਰਿਆ ਤੋਂ ਹੇਠਲੇ ਇਲਾਕੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੈ। ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹਾਂ ਨੇ ਮੱਲਾਂਵਾਲਾ ਦੇ ਨੇੜਲੇ ਪਿੰਡ ਬੰਡਾਲਾ, ਰਾਜੀ ਸਭਰਾ, ਮੁੱਠਿਆਂ ਵਾਲਾ, ਫੱਤੇ ਵਾਲਾ, ਕੁਤਬਦੀਨ, ਮਾਸ਼ੀਏ ਕੇ, ਨਿਹਾਲਾ ਲਵੇਰਾ, ਹਾਮਦ ਚੱਕ ਅਤੇ ਬਸਤੀ ਦੂਲਾ ਸਿੰਘ ਵਾਲੀ ਆਦਿ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਚਾਰ ਚੁਫੇਰੇ ਦਰਿਆ ਵਰਗਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਪਿੰਡਾਂ ਵਿੱਚ ਜਿੱਥੇ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ, ਹਰਿਆ ਚਾਰਾ ਆਦਿ ਤਾਂ ਤਬਾਹ ਹੋਇਆ ਹੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਭਰੇ ਪਾਣੀ ਨੇ ਲੋਕਾਂ ਅਤੇ ਪਸ਼ੂਆਂ ਲਈ ਬਹੁਤ ਵੱਡੀਆਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਹਨ। ਹੜ੍ਹ ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਰਾਂ ਵਿੱਚ ਹਰਾ ਚਾਰਾ ਅਤੇ ਖਾਣ ਪੀਣ ਦੀ ਸਮਗਰੀ ਮੁਹੱਈਆ ਕਰਵਾਈ ਜਾਵੇ। ਹੜ੍ਹ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕੋਨੇ ਕੋਨੇ ’ਚੋਂ ਸੰਗਤਾਂ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੇ ਹਨ ਪਰ ਜਾਣਕਾਰੀ ਘੱਟ ਹੋਣ ਕਾਰਨ ਉਹ ਰਾਹਤ ਸਮੱਗਰੀ ਸਹੀ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀ। ਪਿੰਡਾਂ ਦੇ ਲੋਕਾਂ ਨੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਹਤ ਸਮੱਗਰੀ ਤਰਤੀਬ ਵਾਰ ਲੈ ਕੇ ਆਉਣ ਅਤੇ ਬੇੜੇ ਜਾਂ ਬੇੜੀ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਨਾ ਕਿ ਬੰਨ ਦੇ ਕੰਢੇ ਬੈਠੇ ਲੋਕਾਂ ਨੂੰ ਵੰਡ ਕੇ ਵਾਪਸ ਚਲੇ ਜਾਣ।
ਰਾਜਪਾਲ ਤੇ ਮੁੱਖ ਮੰਤਰੀ ਨੇ ਪੀੜਤਾਂ ਦੀ ਬਾਂਹ ਨਹੀਂ ਫੜੀ: ਕੁਲਬੀਰ ਜ਼ੀਰਾ
ਜ਼ੀਰਾ (ਪੱਤਰ ਪ੍ਰੇਰਕ): ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਫਿਰੋਜ਼ਪੁਰ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਆਏ ਅਤੇ ਹੜ੍ਹ ਪੀੜਤਾਂ ਨੂੰ ਬਿਨਾਂ ਕੋਈ ਰਾਹਤ ਰਾਸ਼ੀ ਜਾਰੀ ਕੀਤੇ ਪਿਕਨਿਕ ਮਨਾ ਕੇ ਵਾਪਸ ਪਰਤ ਗਏ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਤੋਂ ਵੱਡੀਆਂ ਆਸਾਂ ਸਨ ਕਿ ਉਹ ਪੀੜਤਾਂ ਲਈ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਪਸ਼ੂਆਂ ਦਾ ਨੁਕਸਾਨ ਹੋਇਆ ਅਤੇ ਘਰ ਢਹਿ ਗਏ ਲਈ ਵੱਡੇ ਪੈਕੇਜ ਦਾ ਐਲਾਨ ਕਰਨਗੇ ਪਰ ਉਨ੍ਹਾਂ ਦੀਆਂ ਆਸਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਮੁੱਖ ਮੰਤਰੀ ਪੰਜਾਬ ਉਨ੍ਹਾਂ ਨੂੰ ਪੈਕੇਜ ਦੀ ਥਾਂ ਗੱਲਾਂ ਦੇ ਲੌਲੀਪੌਪ ਵੰਡ ਕੇ ਵਾਪਸ ਪਰਤ ਗਏ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਔਖੀ ਘੜੀ ਵਿੱਚ ਸਾਰ ਨਹੀਂ ਲਈ ਖਾਲਸਾ ਏਡ ਅਤੇ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਹਰ ਫਰੰਟ ਤੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ 2023 ਦੌਰਾਨ ਆਏ ਹੜ੍ਹਾਂ ਦੌਰਾਨ ਤਬਾਹ ਹੋਈਆਂ ਫਸਲਾਂ ਦਾ ਵੀ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਰਕਾਰ ਪੀੜਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ, ਮਾਰੇ ਗਏ ਪਸ਼ੂਆਂ ਦਾ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਜਲਦ ਗਿਰਦਾਵਰੀ ਕਰਵਾ ਕੇ ਪੀੜਤਾਂ ਦੇ ਖਾਤਿਆਂ ਵਿੱਚ ਪਾਵੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਬੰਨ੍ਹਾਂ ਨੂੰ ਪੱਕਾ ਕਰੇ।