ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਸਤਲੁਜ ਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ

ਸਾਮਾਨ ਤੇ ਪਸ਼ੂ ਲੈ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ ਲੋਕ
ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਲੋਕ ਆਪਣੇ ਪਸ਼ੂ ਟਰਾਲੀ ’ਚ ਲੱਦਦੇ ਹੋਏ।
Advertisement

ਇਥੇ ਸਰਹੱਦ ਨੇੜਿਓਂ ਲੰਘਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਸਤਲੁਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ-ਬਾਰੇ ਛੱਡਣੇ ਪੈ ਰਹੇ ਹਨ। ਲੋਕਾਂ ਆਪਣਾ ਘਰੇਲੂ ਸਾਮਾਨ ਤੇ ਪਸ਼ੂ ਟਰਾਲੀਆਂ ’ਤੇ ਲੱਦ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। ਦੂਜੇ ਪਾਸੇ ਲੋਕਾਂ ਦੀਆਂ ਫ਼ਸਲਾਂ ਪਾਣੀ ’ਚ ਡੁੱਬ ਗਈਆਂ ਹਨ। ਸਰਹੱਦੀ ਪਿੰਡ ਜੰਗੜ ਭੈਣੀ ਵਸਨੀਕ ਅਤੇ ਬਲਾਕ ਸਮਿਤੀ ਮੈਂਬਰ ਸੁਬੇਗ ਝੰਗੜਭੈਣੀ ਨੇ ਦੱਸਿਆ ਕਿ ਸਤਲੁਜ ਦਰਿਆ ਪਾਰਲੇ ਇੱਕ ਦਰਜਨ ਦੇ ਕਰੀਬ ਪਿੰਡਾਂ ਅਤੇ ਢਾਣੀਆਂ ਦੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚੋਂ ਸਾਮਾਨ ਕੱਢ ਕੇ ਸੁਰੱਖਿਤ ਥਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ, ਪ੍ਰੰਤੂ ਕਿੰਨੇ ਕੁ ਦਿਨ ਉਹ ਰਿਸ਼ਤੇਦਾਰਾਂ ਤੇ ਰਹਿ ਕੇ ਗੁਜ਼ਾਰਾ ਕਰਨਗੇ। ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਲੋਕਾਂ ਲਈ ਸਹੀ ਸੁਰੱਖਿਆ ਕੈਂਪ ਬਣਾਏ ਜਾਣ ਅਤੇ ਉਨ੍ਹਾਂ ਵਿੱਚ ਰਹਿਣ ਅਤੇ ਖਾਣ-ਪੀਣ ਦੀ ਪੂਰੀ ਵਿਵਸਥਾ ਕੀਤੀ ਜਾਵੇ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਦੂਜੇ ਪਾਸੇ ਕਾਵਾਂ ਵਾਲਾ ਪੱਤਣ ਵਾਲਾ ਪੁੱਲ ਰਾਜਸੀ ਲੀਡਰਾਂ ਦਾ ਜੰਕਸ਼ਨ ਬਣਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇੱਥੇ ਮੌਜੂਦਾ, ਸਾਬਕਾ, ਵਿਧਾਇਕ ਅਤੇ ਮੰਤਰੀ ਆ ਕੇ ਸਿਰਫ ਆਪਣੇ ਵਿਰੋਧੀ ਰਾਜਸੀ ਸਰਕਾਰਾਂ ਨੂੰ ਕੋਸ ਜਾਂਦੇ ਹਨ ਅਤੇ ਫੋਟੋ ਖਿਚਵਾ ਕੇ ਚਲਦੇ ਬਣਦੇ ਹਨ। ਇੱਥੇ ਲੋਕਾਂ ਦਾ ਹਾਲ ਜਾਣਨ ਆਏ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਇਹ ਸਭ ਕੁਝ ਲੋਕਾਂ ਨੂੰ ਦੇਖਣਾ ਪੈ ਰਿਹਾ ਹੈ। ਸਰਹੱਦੀ ਪਿੰਡ ਗੁਲਾਬਾ ਸਿੰਘ ਦੇ ਨਰੈਣ ਸਿੰਘ ਦਾ ਕਹਿਣਾ ਹੈ ਕਿ ਸਰਹੱਦੀ ਲੋਕਾਂ ਲਈ ਹੜ੍ਹ ਸਰਾਪ ਹਨ, ਪ੍ਰੰਤੂ ਰਾਜਸੀ ਲੀਡਰਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਲਈ ਇਹ ਮੁਨਾਫੇ ਦਾ ਕਾਰੋਬਾਰ ਬਣ ਕੇ ਆਉਂਦਾ ਹੈ। ਪਿੰਡ ਦੋਨਾ ਨਾਨਕਾ ਦੇ ਸਿੰਦਰ ਸਿੰਘ ਅਤੇ ਢਾਣੀ ਸੱਦਾ ਸਿੰਘ ਦੇ ਗੁਰਬਚਨ ਸਿੰਘ ਨੇ ਦੱਸਿਆ ਕਿ ਹੜਾਂ ਦੀ ਰੋਕਥਾਮ ਅਤੇ ਸਤਲੁਜ ਦਰਿਆ ਦੀ ਖੁਦਾਈ ਲਈ ਅਨੇਕਾਂ ਫੰਡ ਆਏ, ਪਰੰਤੂ ਉਹ ਵਰਤੇ ਨਹੀਂ ਗਏ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹੜ੍ਹਾਂ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ। ਏਡੀਸੀ (ਵਿਕਾਸ) ਸੁਭਾਸ਼ ਚੰਦਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਅਤੇ ਉਹ ਪਿੰਡ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।

ਧਰਮਕੋਟ (ਹਰਦੀਪ ਸਿੰਘ): ਸਤਲੁਜ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਧੁੱਸੀ ਬੰਨ੍ਹ ਦੇ ਅੰਦਰਲੇ ਰਕਬੇ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਧਰਮਕੋਟ ਦੇ ਪਿੰਡ ਰੇੜ੍ਹਵਾਂ ਪਾਸ ਧੁੱਸੀ ਬੰਨ੍ਹ ਦੀ ਹਾਲਤ ਨਾਜ਼ੁਕ ਦਿਖਾਈ ਦੇ ਰਹੀ ਹੈ। ਰੇੜ੍ਹਵਾਂ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਸੁਰਿੰਦਰਪਾਲ ਸਿੰਘ ਨੀਟਾ ਨੇ ਦੱਸਿਆ ਕਿ ਇਸ ਬੰਨ੍ਹ ਉਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਗੇੜਾ ਨਹੀਂ ਮਾਰਿਆ ਹੈ। ਬੰਨ੍ਹ ਦੀ ਦੇਖਭਾਲ ਲਈ ਤਾਇਨਾਤ ਬੇਲਦਾਰ ਵੀ ਅਕਸਰ ਗੈਰ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਇੱਥੋਂ ਬੰਨ੍ਹ ਟੁੱਟਦਾ ਹੈ ਤਾਂ ਅੱਧੀ ਦਰਜਨ ਪਿੰਡਾਂ ਨੂੰ ਭਾਰੀ ਖ਼ਤਰਾ ਹੈ। ਉਪ ਮੰਡਲ ਸਿਵਲ ਅਧਿਕਾਰੀ ਹਿਤੇਸ਼ ਗੁਪਤਾ ਨੇ ਦੱਸਿਆ ਕਿ ਬੰਨ੍ਹ ਦੀ ਖਰਾਬ ਹਾਲਤ ਦਾ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਵਲੋਂ ਟੀਮ ਨੂੰ ਮੌਕੇ ਉੱਤੇ ਭੇਜ ਦਿੱਤਾ ਹੈ ਕਿ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਾਰਵਾਈ ਆਰੰਭੀ ਜਾ ਰਿਹਾ ਹੈ। ਬਾਅਦ ਵਿਚ ਟੀਮ ਨੇ ਜੇਸੀਬੀ ਦੀ ਮਦਦ ਨਾਲ ਕੁਝ ਘੰਟਿਆਂ ਵਿੱਚ ਹੀ ਬੰਨ੍ਹ ’ਤੇ ਮਿੱਟੀ ਪਾਕੇ ਉਸਦੀ ਮੁਰੰਮਤ ਕਰ ਦਿੱਤੀ।

Advertisement

ਪੰਜਾਬ ਐਗਰੋ ਦੇ ਚੇਅਰਮੈਨ ਵੱਲੋਂ ਸਾਲ ਦੀ ਤਨਖਾਹ ਦਾਨ

ਫ਼ਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ‘ਆਪ’ ਦੇ ਸੀਨੀਅਰ ਆਗੂ ਸ਼ਮਿੰਦਰ ਸਿੰਘ ਖਿੰਡਾ ਨੇ ਜ਼ੀਰਾ ਹਲਕੇ ਦੇ ਮੱਲਾਂਵਾਲਾ, ਮੱਖੂ ਇਲਾਕੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਸਾਲ ਦੀ ਤਨਖਾਹ ਸੇਵਾ ਵਿੱਚ ਪਾਉਣ ਦਾ ਐਲਾਨ ਕੀਤਾ ਹੈ। ਇਸ ਸੇਵਾ ਦਾ ਐਲਾਨ ਕਰਨ ਨਾਲ ਖਿੰਡਾ ਦੀ ਇਲਾਕੇ ਵਿੱਚ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਛੋਟਾ ਜਿਹਾ ਫਰਜ਼ ਹੈ। ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਸੰਭਵ ਨਹੀਂ ਪਰ ਉਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰ ਸਕਦੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਯਕੀਨੀ ਬਣਾਉਣਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਦੇ ਇਸ ਕਾਰਜ ਵਿੱਚ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਜਿਹੇ ਵਿੱਚ, ਸਮੁੱਚੇ ਭਾਈਚਾਰੇ ਨੂੰ ਅੱਗੇ ਆ ਕੇ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

Advertisement
Show comments