ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਲੋਕ ਘਰ-ਬਾਰ ਛੱਡ ਝੁੱਗੀਆਂ ’ਚ ਰਾਤਾਂ ਕੱਟਣ ਲਈ ਮਜਬੂਰ

ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ; ਸਰਹੱਦੀ ਖੇਤਰ ’ਚ ਬਚਾਅ ਕਾਰਜ ਜਾਰੀ; ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦਾ ਦੌਰਾ
ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਘਰ ਵਿੱਚ ਪਾਣੀ ਭਰਨ ਕਾਰਨ ਛੱਤ ’ਤੇ ਝੁੱਗੀ ਬਣਾ ਕੇ ਰਹਿ ਰਿਹਾ ਪਰਿਵਾਰ
Advertisement

ਹੜ੍ਹ ਦੀ ਮਾਰ ਚੱਲ ਰਹੇ ਸਰਹੱਦੀ ਖੇਤਰ ਦੇ ਲੋਕ ਹੁਣ ਘਰ-ਬਾਰ ਛੱਡ ਕੇ ਬਾਹਰ ਬਣੇ ਬੰਨ੍ਹਾਂ ’ਤੇ ਝੁੱਗੀਆਂ ’ਚ ਰਾਤਾਂ ਕੱਟਣ ਲਈ ਮਜਬੂਰ ਹਨ। ਕੀ ਗ਼ਰੀਬ, ਕੀ ਅਮੀਰ ਅੱਜ ਭੁੰਜੇ ਸੌਂਣ ਲਈ ਮਜਬੂਰ ਹੈ। ਕਿਸਾਨ ਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਨੇ 9 ਕਿੱਲੇ ਝੋਨਾ ਲਾਇਆ ਸੀ ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਭਰੇ ਮਨ ਨਾਲ ਉਸ ਨੇ ਆਖਿਆ ਕਿ ਹੜ੍ਹਾਂ ਨੇ ਉਨ੍ਹਾਂ ਨੂੰ ਕੱਖੋ ਹੌਲੇ ਕਰ ਦਿੱਤਾ ਹੈ। ਮਜ਼ਦੂਰ ਰੇਸ਼ਮ ਸਿੰਘ ਅਤੇ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਮੁਆਵਜ਼ਿਆਂ ਦੀ ਉਡੀਕ ਵਿੱਚ ਥੱਕ-ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਮੱਸਿਆ ਦਾ ਪ੍ਰਬੰਧ ਕਰੇ ਤਾਂ ਜੋ ਉਹ ਉਜਾੜੇ ਤੋਂ ਬਚ ਸਕਣ।

ਢਾਣੀ ਮੋਹਨੇ ਵਾਲਾ ਦਾ ਰਹਿਣ ਵਾਲਾ ਛੋਟਾ ਮਜ਼ਦੂਰ ਕਿਸਾਨ ਮੰਗਤ ਸਿੰਘ ਕਹਿੰਦਾ ਹੈ ਕਿ ਇਸ ਉਜਾੜੇ ਅਤੇ ਤਬਾਹੀ ਨਾਲ ਉਸ ਦਾ ਪਰਿਵਾਰ ਰੋਲ ਦਿੱਤਾ ਹੈ। ਉਹ ਪਾਣੀ ਵਿੱਚ ਘਿਰੇ ਆਪਣੇ ਘਰ ਦੀ ਰਾਖੀ ਲਈ ਇੱਥੇ ਰਹਿਣ ਲਈ ਮਜਬੂਰ ਹੈ। ਉਸ ਦਾ ਪੁੱਤ ਆਪਣੀ ਭੈਣ ਦੇ ਪੇਪਰ ਕਰਵਾਉਣ ਗਿਆ ਅਤੇ ਉਸ ਨੂੰ ਰਿਸ਼ਤੇਦਾਰਾਂ ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਦੀ ਪਤਨੀ ਵੀ ਰਿਸ਼ਤੇਦਾਰਾਂ ’ਚ ਰਹਿ ਰਹੀ ਹੈ ਅਤੇ ਬਾਕੀ ਬੱਚੇ ਵੀ। ਉਹ ਇਕੱਲਾ ਇੱਥੇ ਰਹਿ ਰਿਹਾ ਹੈ, ਉਸ ਦਾ ਸਾਰਾ ਪਰਿਵਾਰ ਇੱਕ ਦੂਸਰੇ ਤੋਂ ਅਲੱਗ ਰਹਿਣ ਲਈ ਮਜਬੂਰ ਹੈ। 80 ਸਾਲਾ ਦਾਨੋ ਬਾਈ ਦਾ ਗ਼ਿਲ੍ਹਾ ਹੈ ਕਿ ਬਹੁਤ ਸਮਾਂ ਹੋ ਗਿਆ, ਉਨ੍ਹਾਂ ਨੂੰ ਸਰਕਾਰਾਂ ਦੀ ਉਡੀਕ ਕਰਦਿਆਂ ਪ੍ਰੰਤੂ ਉਨ੍ਹਾਂ ਦੀ ਸਮੱਸਿਆ ਦਾ ਜੇ ਤੱਕ ਪੱਕਾ ਹੱਲ ਨਹੀਂ ਹੋਇਆ। ਪਿੰਡ ਨੂਰ ਸ਼ਾਹ ਅਤੇ ਢਾਣੀ ਮੋਹਣਾ ਰਾਮ ਦੇ ਵਿਚਕਾਰ ਬਣੇ ਬੰਨ੍ਹ ’ਤੇ ਝੋਂਪੜੀਆਂ ’ਚ ਬੈਠੇ ਸਰਹੱਦੀ ਲੋਕ ਹਰ ਲੰਘਦੇ ਵਹੀਕਲ ਵੱਲ ਵੇਖ ਕੇ ਤੱਕਦੇ ਰਹਿੰਦੇ ਹਨ ਕਿ ਕਦੋਂ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਕੋਈ ਚਾਰਾ ਜਾਂ ਰਾਸ਼ਨ ਲੈ ਕੇ ਆਵੇਗਾ। ਹੱਥਾਂ ਵਿੱਚ ਕਿਤਾਬਾਂ ਜਾਂ ਖੇਡਣ ਦੀ ਬਜਾਏ ਰਾਸ਼ਨ ਵੰਡਣ ਆਏ ਸਮਾਜ ਸੇਵੀਆਂ ਕੋਲੋਂ ਆਟਾ ਚੁੱਕ ਕੇ ਲੈ ਜਾ ਰਹੀ ਅੱਠਵੀਂ ਕਲਾਸ ਦੀ ਪ੍ਰਿਅੰਕਾ ਦਾ ਕਹਿਣਾ ਹੈ ਕਿ ਉਹ ਪੰਜਾਬ ਪੁਲੀਸ ਵਿੱਚ ਨੌਕਰੀ ਲੱਗਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੂੰ ਇਸ ਮੁਸੀਬਤ ਵਿੱਚੋਂ ਲੰਘਣ ਦੇ ਨਾਲ-ਨਾਲ ਉਸ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਸਰਕਾਰ ਨੂੰ ਬੰਨ੍ਹ ਬਣਾ ਕੇ ਪੱਕਾ ਹੱਲ ਕੱਢਣਾ ਚਾਹੀਦਾ ਹੈ। ਇੰਦਰੋ ਬਾਈ ਨੇ ਆਪਣੀ ਟੁੱਟ ਚੁੱਕੀ ਬਾਂਹ ਨੂੰ ਦਿਖਾਉਂਦਿਆਂ ਕਿਹਾ ਕਿ ਉਹ ਹੜ੍ਹ ਕਾਰਨ ਆਪਣੀ ਬਾਂਹ ਵੀ ਤੁੜਵਾ ਬੈਠੀ ਹੈ ਅਤੇ ਇਸ ਤਰ੍ਹਾਂ ਦੀਆਂ ਸੱਟਾਂ ਉਹ ਦਹਾਕਿਆਂ ਤੋਂ ਖਾਂਦੇ ਆ ਰਹੇ ਹਨ। ਨੌਜਵਾਨ ਬਲਵਿੰਦਰ ਸਿੰਘ ਕਹਿਣਾ ਹੈ ਕਿ ਸਰਕਾਰਾਂ ਦੇ ਨਿਕੰਮੇ ਪ੍ਰਬੰਧ ਤੋਂ ਮਨ ਅੱਕ ਗਿਆ ਹੈ ਅਤੇ ਹਰ ਸਾਲ ਹੁੰਦੇ ਉਜਾੜੇ ਤੋਂ ਤਾਂ ਚੰਗਾ ਹੈ ਕਿ ਉਹ ਆਪਣੀ ਜ਼ਮੀਨ ਜਾਇਦਾਦ ਇਥੋਂ ਵੇਚ ਕੇ ਕਿਤੇ ਜਾਣ।

Advertisement

ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪਾਣੀ ਘਟਿਆ ਪਰ ਮੁਸੀਬਤਾਂ ਬਰਕਰਾਰ

ਮੱਲਾਂਵਾਲਾ ਨੇੜੇ ਬੇੜੀ ਰਾਹੀਂ ਹੜ੍ਹ ’ਚ ਘਿਰੇ ਲੋਕਾਂ ਲਈ ਰਾਹਤ ਸਮੱਗਰੀ ਲਿਜਾਂਦੇ ਹੋਏ ਸਮਾਜ ਸੇਵੀ।

ਮੱਲਾਂਵਾਲਾ/ਮਖੂ (ਜਸਪਾਲ ਸਿੰਘ ਸੰਧੂ/ਨਵਜੋਤ ਸ਼ਰਮਾ): ਪਿੰਡ ਫੱਤੇ ਵਾਲਾ ਅਤੇ ਆਸ-ਪਾਸ ਇਲਾਕੇ ਵਿੱਚ ਸਤਲੁਜ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਕੁਝ ਘਟਣ ਨਾਲ ਝੋਨੇ ਦੀ ਫਸਲ ਦਿਖਾਈ ਦੇਣ ਲੱਗੀ ਹੈ ਪਰ ਮੁਸੀਬਤਾਂ ਹਾਲੇ ਵੀ ਬਕਰਾਰ ਹਨ। ਕਿਸਾਨ ਮਹਿਲ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਘਟਿਆ ਹੈ, ਪਰ ਫਸਲ ਨੂੰ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜੇ ਝੋਨਾ 24 ਘੰਟੇ ਤੋਂ ਵੱਧ ਪਾਣੀ ਵਿੱਚ ਡੁੱਬਿਆ ਰਹੇ ਤਾਂ ਬਚਣਾ ਮੁਸ਼ਕਲ ਹੁੰਦਾ ਹੈ। ਇਸੇ ਤਰ੍ਹਾਂ ਸਬਜ਼ੀਆਂ ਵੀ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ।ਐੱਨਡੀਆਰਐੱਫ ਦੀਆਂ ਟੀਮਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਹੜ੍ਹ ਪੀੜਤਾਂ ਤੱਕ ਦਵਾਈਆਂ ਅਤੇ ਰਾਸ਼ਨ ਪਹੁੰਚਾ ਰਹੀਆਂ ਹਨ। ਕਿਸਾਨ ਗੁਰਮੇਜ ਸਿੰਘ ਫੱਤੇ ਵਾਲਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਬਹੁਤ ਆ ਰਹੀ ਹੈ, ਪਰ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਹੀ ਹੜ੍ਹ ਪੀੜਤਾਂ ਤੱਕ ਨਹੀਂ ਪਹੁੰਚ ਰਹੀ। ਬਾਹਰੀ ਪਿੰਡਾਂ ਦੇ ਲੋਕ ਵੀ ਕਈ ਵਾਰ ਇਹ ਸਮੱਗਰੀ ਲੈ ਜਾਂਦੇ ਹਨ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਪਿੰਡ ਨਿਹਾਲਾ ਸਵੇਰਾ, ਕੁਤਬਦੀਨ ਵਾਲੀ, ਮੁੱਠਿਆਂ ਵਾਲੀ, ਬਾਣਾ ਵਾਲੀ ਤੇ ਹਾਮਦ ਚੱਕ ਸਮੇਤ ਕਈ ਪਿੰਡਾਂ ਵਿੱਚੋਂ ਘਰਾਂ ਵਿੱਚ ਫਸੇ ਹੋਏ 500 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹਬੀਬ ਕੇ, ਸੁਲਤਾਨ ਵਾਲਾ ਸਮੇਤ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਾਂ ਅਤੇ ਬੰਨ ਸਾਡੀ ਨਿਗਰਾਨੀ ਹੇਠ ਹਨ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਪਿੰਡ ਰੁਕਨੇਵਾਲਾ ਵਿੱਚ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਨਾਲ ਹੀ ਕੁਦਰਤੀ ਆਫ਼ਤ ਨਾਲ ਨਜਿੱਠਿਆ ਜਾ ਸਕਦਾ ਹੈ।

Advertisement
Show comments