ਹੜ੍ਹਾਂ ਦੀ ਮਾਰ: ਟੁੱਟੀਆਂ ਬੇੜੀਆਂ ’ਚ ਗੋਤੇ ਖਾਂਦੀ ਜ਼ਿੰਦਗੀ
ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਪਿਛਲੇ 15-20 ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ’ਚ ਵੱਧ ਰਹੇ ਪਾਣੀ ਕਾਰਨ ਲੋਕ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ। ਲੋਕਾਂ ਦੀ ਇੱਕ ਮੁਸੀਬਤ ਮੁੱਕਦੀ ਹੈ ਤੇ ਦੂਸਰੀ ਖੜ੍ਹੀ ਹੋ ਜਾਂਦੀ ਹੈ। ਸਰਹੱਦੀ ਪਿੰਡ ਚੱਕ ਖੀਵਾ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮੰਗ ’ਤੇ ਦੇਰੀ ਨਾਲ ਬੇੜੀ ਮਿਲੀ, ਪ੍ਰੰਤੂ ਉਹ ਵੀ ਟੁੱਟੀ ਹੋਈ ਹੈ। ਇਸ ਬੇੜੀ ਨੂੰ ਚਲਾਉਂਦਿਆਂ ਦੋ ਵਿਅਕਤੀ ਲਗਾਤਾਰ ਇਸ ਵਿੱਚੋਂ ਪਾਣੀ ਕੱਢਣ ਦੀ ਡਿਊਟੀ ਕਰਦੇ ਹਨ ਜੋ ਆਪਣੀ ਜ਼ਿੰਦਗੀ ਜੋਖਮ ’ਚ ਪਾ ਰਹੇ ਹਨ। ਪਿੰਡ ਦੇ ਨੌਜਵਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਲੀਕ ਹੋ ਰਹੀ ਬੇੜੀ ’ਤੇ ਸਫ਼ਰ ਕਰਨ ਮੌਕੇ ਦੋ ਵਿਅਕਤੀ ਡੁੱਬਣ ਲੱਗੇ ਸਨ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿੰਡ ਘੁਰਕਾ ਢਾਣੀ ਭਗਵਾਨ ਸਿੰਘ ਦੇ ਵਾਸੀਆਂ ਨੂੰ ਮੰਗ ਕਰਨ ਦੇ 20 ਦਿਨਾਂ ਬਾਅਦ ਇੱਕ ਬੇੜੀ ਮਿਲੀ ਸੀ ਅਤੇ ਉਹ ਵੀ ਬੇੜੀ ਟੁੱਟੀ ਹੋਈ ਸੀ। ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਸ ਬੇੜੀ ਨੂੰ ਬਦਲਿਆ ਗਿਆ ਪਰ ਲਗਾਤਾਰ ਇਕ ਹਫ਼ਤਾ ਪਿੰਡ ਘੁਰਕਾ ਦੇ ਲੋਕ ਜਾਨ ਜੋਖਮ ਵਿੱਚ ਪਾ ਕੇ ਆਪਣਾ ਸਫਰ ਕਰਦੇ ਰਹੇ। ਅੱਜ ਜਦੋਂ ਸਰਹੱਦੀ ਪਿੰਡ ਚੱਕ ਖੀਵਾ ਵਿੱਚ ਲੀਕ ਹੋ ਰਹੀ ਬੇੜੀ ਬਾਰੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਐੱਸਡੀਐੱਮ ਜਲਾਲਾਬਾਦ ਨਾਲ ਗੱਲਬਾਤ ਕਰਕੇ ਇਸ ਬੇੜੀ ਬਦਲ ਕੇ ਸਹੀ ਬੇੜੀ ਭੇਜਣ ਦਾ ਪ੍ਰਬੰਧ ਕਰਵਾਉਣਗੇ। ਦੂਜੇ ਪਾਸੇ ਫ਼ਾਜ਼ਿਲਕਾ ਦੇ ਆਖ਼ਰੀ ਸਰਹੱਦ ਤੇ ਵਸੇ ਤਿੰਨ ਪਾਸਿਓਂ ਪਾਕਿਸਤਾਨ ਅਤੇ ਇੱਕ ਪਾਸਿਓਂ ਸਤਲੁਜ ਦਰਿਆ ਨਾਲ ਘਿਰੇ ਪਿੰਡ ਮੁਹਾਰ ਜਮਸ਼ੇਰ ਦੇ ਬਾਸ਼ਿੰਦਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਲਈ ਇੰਜਣ ਵਾਲੀ ਬੇੜੀ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਚੱਪੂ ਵਾਲੀ ਬੇੜੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਨ੍ਹਾਂ ਨੂੰ ਕਿਨਾਰੇ ਨਹੀਂ ਲਾਉਂਦੀ। ਪਿੰਡ ਦੇ ਨੌਜਵਾਨ ਸੁੱਖਾ ਸਿੰਘ ਦਾ ਕਹਿਣਾ ਹੈ ਕਿ ਇੰਜਣ ਵਾਲੀ ਬੇੜੀ ਨਾ ਹੋਣ ਕਰਕੇ ਨਾ ਉੱਥੇ ਰਾਸ਼ਨ ਪਹੁੰਚਦਾ ਹੈ ਅਤੇ ਨਾ ਹੀ ਪਸ਼ੂਆਂ ਲਈ ਚਾਰਾ। ਉਹ ਆਪਣੇ ਘਰ ਵਿੱਚ ਪਏ ਰਾਸ਼ਨ ਅਤੇ ਪਸ਼ੂਆਂ ਦੇ ਸੁੱਕੇ ਚਾਰੇ ਨਾਲ ਹੀ ਗੁਜ਼ਾਰਾ ਕਰ ਰਹੇ ਹਨ ਜਿਹੜਾ ਕਿ ਇੱਕ ਦੋ ਦਿਨ ਤੱਕ ਬਾਕੀ ਬਚਿਆ ਹੈ ਉਹ ਵੀ ਖ਼ਤਮ ਹੋਣ ਕਿਨਾਰੇ ਹੈ। ਰਾਸ਼ਨ ਬੀਐੱਸਐੱਫ ਗੇਟ ਤੱਕ ਹੀ ਪਹੁੰਚਦਾ ਹੈ ਜਿੱਥੋਂ ਤੱਕ ਲੈਣ ਲਈ ਉਹ ਆ ਨਹੀਂ ਸਕਦੇ। ਸਤਲੁਜ ਦਰਿਆ ’ਤੇ ਬਣੇ ਮੁੱਖ ਬੰਨ੍ਹ ਦਾ ਪਾਣੀ ਹੇਠੋਂ ਲੀਕ ਕਰਨ ਲੱਗ ਗਿਆ ਹੈ ਜਿਸ ਨਾਲ ਕਿਸੇ ਵਕਤ ਵੀ ਵੱਡਾ ਖਤਰਾ ਬਣ ਸਕਦਾ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਵਿੱਚ ਕੀਤੀ ਜਾ ਰਹੀ ਅਪੀਲ ’ਤੇ ਵੀ ਘਰ ਛੱਡ ਕੇ ਨਾ ਆਉਣ ਵਾਲੇ ਸਤਲੁਜ ਦਰਿਆ ਪਾਰ ਬੈਠੇ ਪਿੰਡ ਰੇਤੇ ਵਾਲੀ ਦੇ ਨੌਜਵਾਨ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਛੱਡ ਕੇ ਨਹੀਂ ਆ ਸਕਦੇ, ਕਿਉਂਕਿ ਉਹ ਆਪਣੀ ਤਾਂ ਜਾਨ ਬਚਾ ਲੈਣਗੇ, ਪ੍ਰੰਤੂ ਪਸ਼ੂਆਂ ਦੀ ਜਾਨ ਜੋਖਮ ਵਿੱਚ ਪਾ ਕੇ ਆਉਣਾ ਉਨ੍ਹਾਂ ਦੀ ਆਤਮਾ ਨਹੀਂ ਮੰਨਦੀ। ਕਿਉਂਕਿ ਜੇਕਰ ਉਹ ਆਪਣੇ ਬੱਚਿਆਂ ਸਮੇਤ ਪਰਿਵਾਰ ਨੂੰ ਲੈ ਕੇ ਆ ਜਾਣਗੇ ਤਾਂ ਪਸ਼ੂਆਂ ਨੂੰ ਚਾਰਾ ਜਾਂ ਫਿਰ ਫੀਡ ਕੌਣ ਪਾਊ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਵਿੱਚ ਬੇੜੀ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਢਾਣੀਆਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਸੁਰੱਖਿਤ ਥਾਵਾਂ ਤੱਕ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਤਲੁਜ ਦੀਆਂ ਲਹਿਰਾਂ ਤੋਂ ਨਹੀਂ ਡਰਦੇ ਗੱਟਾ ਬਾਦਸ਼ਾਹ ਦੇ ਲੋਕ
ਫ਼ਿਰੋਜ਼ਪੁਰ/ਮੱਲਾਂਵਾਲਾ (ਜਸਪਾਲ ਸਿੰਘ ਸੰਧੂ): ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਗੱਟਾ ਬਾਦਸ਼ਾਹ ਇਸ ਵੇਲੇ ਹੜ੍ਹ ਦੇ ਭਿਆਨਕ ਸੰਕਟ ਵਿੱਚੋਂ ਲੰਘ ਰਿਹਾ ਹੈ। ਸਤਲੁਜ ਦਰਿਆ ਦਾ ਪਾਣੀ ਪੂਰੀ ਤੇਜ਼ ਰਫ਼ਤਾਰ ਨਾਲ ਵਗ ਰਿਹਾ ਹੈ। ਤੇਜ਼ ਪਾਣੀ ਦੀਆਂ ਲਹਿਰਾਂ ਬੰਨ੍ਹ ਨਾਲ ਟਕਰਾ ਕੇ ਖੌਫ਼ ਪੈਦਾ ਕਰ ਰਹੀਆਂ ਹਨ। ਅੱਜ ਇਹ ਮਾਹੌਲ ਵਿੱਚ ਵੀ ਇਲਾਕਾ ਨਿਵਾਸੀ ਆਪਣੇ ਸਾਹਮਣੇ ਡੁੱਬੇ ਹੋਏ ਖੇਤ ਅਤੇ ਘਰਾਂ ਵਿਚ ਭਰੇ ਹੋਏ ਪਾਣੀ ਵੇਖ ਕੇ ਵੀ ਬੁਲੰਦ ਹੌਸਲੇ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੇ ਹਨ। ਪਿੰਡ ਗੱਟਾ ਬਾਦਸ਼ਾਹ ਅਤੇ ਆਸ-ਪਾਸ ਦੀ ਇਲਾਕੇ ਦੇ ਲੋਕ ਦੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੰਨ੍ਹ ਬਚਾਉਣ ਦੀ ਜੰਗ ਲੜ ਰਹੇ ਹਨ। ਕੋਈ ਮਿੱਟੀ ਨਾਲ ਭਰੀ ਟਰਾਲੀ ਲਿਆ ਰਿਹਾ ਹੈ, ਕੋਈ ਤੋੜੇ ਤੇ ਬੋਰੇ ਬੰਨ੍ਹ ਉੱਤੇ ਰੱਖ ਰਿਹਾ ਹੈ, ਤੇ ਕੋਈ ਪਾਣੀ ਦੇ ਕਿਨਾਰੇ ਖੜ੍ਹ ਕੇ ਹਾਲਾਤਾਂ ਉੱਤੇ ਨਿਗਰਾਨੀ ਕਰ ਰਿਹਾ ਹੈ। ਇਸ ਮੋਰਚੇ ਉੱਤੇ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸਾਰੇ ਇੱਕਠੇ ਹੋ ਕੇ ਹਾਲਾਤਾਂ ਨਾਲ ਲੜ ਰਹੇ ਹਨ ਪਰ ਉੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ ਨਹੀਂ ਆਇਆ। ਸਿਰਫ ਤੇ ਸਿਰਫ ਇਲਾਕੇ ਦੇ ਲੋਕ ਅਤੇ ਬਾਹਰੋਂ ਆਏ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਤੇ ਬੱਚੇ ਵੀ ਬੋਰੇ ਚੁੱਕ ਕੇ ਬੰਨ੍ਹ ਦੀ ਮਜ਼ਬੂਤੀ ਲਈ ਲਗਾ ਰਹੇ ਹਨ। ਜਦਕਿ ਔਰਤਾਂ ਕੰਮ ਕਰ ਰਹੇ ਲੋਕਾਂ ਲਈ ਘਰਾਂ ’ਚੋਂ ਖਾਣਾ ਬਣਾ ਕੇ ਲਿਆ ਰਹੀਆਂ ਹਨ। ਪਿੰਡ ਗੱਟਾ ਬਾਦਸ਼ਾਹ ‘ਚ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਜਾਵੇਗਾ। ਇਸ ਕਰਕੇ ਉਹ ਸਰਕਾਰੀ ਤੰਤਰ ਜਾਂ ਸਹਾਇਤਾ ਦੀ ਉਡੀਕ ਨਹੀਂ ਕਰ ਸਕਦੇ ਅਤੇ ਅਸੀਂ ਆਪ ਹੀ ਆਪਣੀ ਜ਼ਮੀਨ ਤੇ ਘਰ ਬਚਾਉਣ ਲਈ ਲੜਾਂਗੇ। ਦੇਖਣ ਤੋਂ ਇਉਂ ਜਪਦਾ ਹੈ ਕਿ ਜਿਵੇਂ ਇਹ ਲੋਕ ਕੋਈ ਜੰਗ ਲੜ ਰਹੇ ਹੋਣ ਅਤੇ ਇਹਨਾਂ ਦੀ ਲੜਾਈ ਦੁਸ਼ਮਣ ਬਣੇ ਪਾਣੀ ਨਾਲ ਹੈ, ਜਦਕਿ ਮਿੱਟੀ ਦੇ ਬੋਰੇ ਇੱਕ ਹਥਿਆਰ ਵਜੋਂ ਕੰਮ ਕਰ ਰਹੇ ਹਨ।