ਹੜ੍ਹਾਂ ਨੇ ਗੁਰਦੁਆਰਾ ਢਾਬਸਰ ਸਾਹਿਬ ਖੇਤਰ ਦਾ ਕੀਤਾ ਨੁਕਸਾਨ
ਸਤਲੁਜ ਦਰਿਆ ਦੇ ਕੰਢੇ ਬਣਿਆ ਗੁਰਦੁਆਰਾ ਢਾਬਸਰ ਸਾਹਿਬ ਕਾਲੇਕੇ ਨੂੰ ਦਰਿਆ ਸਤਲੁਜ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ। ਹੜ੍ਹ ਦਾ ਪਾਣੀ ਭਾਵੇਂ ਬਾਕੀ ਇਲਾਕੇ ਵਿੱਚੋਂ ਉਤਰ ਚੁੱਕਾ ਹੈ ਪਰ ਨੀਵੀਆਂ ਥਾਵਾਂ ’ਤੇ ਪਾਣੀ ਅਜੇ ਵੀ ਖੜ੍ਹਾ ਹੈ। ਗੁਰਦੁਆਰਾ ਢਾਬਸਰ ਸਾਹਿਬ ਦੀ ਗੱਲ ਕਰੀਏ ਤਾਂ ਹੜ੍ਹ ਦੇ ਪਾਣੀ ਨੇ ਬਹੁਤ ਵੱਡੀ ਢਾਹ ਲਾਈ ਹੈ। ਤਕਰੀਬਨ 50 ਫੁੱਟ ਤੱਕ ਦਰਿਆ ਨੇ ਗੁਰਦੁਆਰਾ ਸਾਹਿਬ ਦੀ ਮਿੱਟੀ ਆਪਣੇ ਵਿੱਚ ਸਮੋਅ ਲਈ ਹੈ। ਇਸ ਤੋਂ ਇਲਾਵਾ ਦਰਿਆ ਗੁਰਦੁਆਰਾ ਸਾਹਿਬ ਦੇ ਬਾਗ ਦੇ ਵੀ ਕਈ ਦਰਖਤ ਰੋੜ ਕੇ ਲੈ ਗਿਆ ਹੈ। ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਰਾਹਤ ਕਾਰਜਾਂ ਵਿੱਚ ਸੇਵਾ ਕਰ ਰਹੇ ਨੌਜਵਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਦੇ ਪਾਣੀ ਨੇ ਗੁਰਦੁਆਰਾ ਸਾਹਿਬ ਦੇ ਦੋ ਕਮਰੇ ਡੇਗ ਦਿੱਤੇ ਹਨ। ਇਸ ਗੰਭੀਰ ਸਥਿਤੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਥਾਨਕ ਸੰਗਤਾਂ, ਨੌਜਵਾਨ ਸੇਵਾਦਾਰ, ਕੁਝ ਸਿੱਖ ਸੰਸਥਾਵਾਂ ਅਤੇ ਬੀਐਸਐਫ ਦੇ ਜਵਾਨ ਮਿਲ ਕੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਪਾਣੀ ਨੂੰ ਰੋਕਣ ਲਈ ਮਿੱਟੀ ਦੇ ਬੋਰੇ ਭਰ ਭਰ ਕੇ ਲਾ ਰਹੇ ਹਨ। ਬਾਬਾ ਨਿਰਮਲ ਸਿੰਘ ਜੀ ਯੂ.ਪੀ. ਵਾਲੇ ਅਤੇ ਬਾਬਾ ਪਰਗਟ ਸਿੰਘ ਜੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਮਿੱਟੀ ਦੇ ਬੋਰੇ ਲੈ ਕੇ ਮੌਕੇ ‘ਤੇ ਪਹੁੰਚਣ, ਤਾਂ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।