ਹੜ੍ਹਾਂ ਦੀ ਮਾਰ: ਨੁਕਸਾਨ ਦੇ ਜਾਇਜ਼ੇ ਲਈ ਕਮੇਟੀ ਵੱਲੋਂ ਪਿੰਡਾਂ ਦਾ ਦੌਰਾ
ਕੇਂਦਰੀ ਖੇਤੀਬਾੜੀ ਮੰਤਰਾਲੇ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਬਣੀ ਕਮੇਟੀ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਨੇ ਕੇ, ਗੱਟਾ ਬਾਦਸ਼ਾਹ, ਟੇਂਡੀ ਵਾਲਾ ਅਤੇ ਭਾਨੇ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਅਨਿਲ ਖਿਪਲ ਨੇ ਹੜ੍ਹ ਪੀੜਤ ਲੋਕਾਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਤੋਂ ਸੁਝਾਅ ਲਏ।
ਇਸ ਮੌਕੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਕਮੇਟੀ ਸਾਹਮਣੇ ਆਪਣੀ ਮੰਗ ਰੱਖਦਿਆਂ ਕਿਹਾ ਕਿ ਇੱਕ ਦੋ ਸਾਲ ਬਾਅਦ ਹੀ ਸਾਡੇ ਇਲਾਕੇ ਵਿੱਚ ਦਰਿਆ ਦਾ ਪਾਣੀ ਵਧਣ ਕਾਰਨ ਹੜ੍ਹ ਆ ਜਾਂਦੇ ਹਨ ਜਿਸ ਨਾਲ ਫਸਲਾਂ, ਹਰਿਆ ਚਾਰਾ, ਸਬਜ਼ੀਆਂ, ਤੂੜੀ ਆਦਿ ਫਸਲ ਨਸ਼ਟ ਹੋ ਜਾਂਦੀ ਹੈ। ਕਿਸਾਨਾਂ ਤੇ ਆਮ ਲੋਕਾਂ ਨੂੰ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਜਿੱਥੇ ਉਨ੍ਹਾਂ ਦੇ ਕੁਝ ਪਸ਼ੂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਂਦੇ ਹਨ, ਉਥੇ ਲੋਕਾਂ ਦੀਆਂਜਾਨਾਂ ਵੀ ਚਲੀਆਂ ਜਾਂਦੀਆਂ ਹਨ। ਪਿੰਡਾਂ ਦੇ ਲੋਕਾਂ ਨੇ ਕਮੇਟੀ ਨੂੰ ਕਿਹਾ ਕਿ ਉਹ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਸਬਜ਼ੀਆਂ ਆਦਿ ਦਾ ਮੁਆਵਜ਼ਾ ਦੇਣ ਦੇ ਨਾਲ -ਨਾਲ ਬਾਕੀ ਮੁਸ਼ਕਲਾਂ ਨੂੰ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਹੜ੍ਹ ਕਾਰਨ ਮਰ ਜਾਂਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਮਦਦ ਦਿੱਤੀ ਜਾਵੇ। ਹੜ੍ਹ ਪੀੜਤਾਂ ਨੂੰ ਭਰੋਸਾ ਦਿੰਦਿਆਂ ਹੋਇਆਂ ਕਮੇਟੀ ਦੇ ਚੇਅਰਮੈਨ ਅਨਿਲ ਖਿਪਲ, ਸੁਭਾਸ਼ ਚੰਦਰ ਅਤੇ ਰਾਮ ਪ੍ਰਕਾਸ਼ ਮੀਨਾ (ਕਮੇਟੀ ਮੈਂਬਰ) ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਹੋਏ ਨੁਕਸਾਨ ਦੀ ਭਰਪਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਮਕਾਨ ਢਹਿ ਗਏ ਹਨ ਜਾਂ ਜਿਨ੍ਹਾਂ ਦੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਵੀ ਰਿਪੋਰਟ ਤਿਆਰ ਕਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਭੇਜੀ ਜਾਵੇਗੀ ਤਾਂ ਕਿ ਜਲਦੀ ਤੋਂ ਜਲਦੀ ਹੜ੍ਹ ਪੀੜਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਮਿਲ ਸਕੇ। ਇਸ ਮੌਕੇ ਡਾ. ਕਾਮਨੀ, ਖੇਤੀਬਾੜੀ ਅਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਹੜ੍ਹ ਪੀੜਤ ਕਿਸਾਨਾਂ ਦੀ ਮਦਦ ਕਰੇਗੀ ਕੇਂਦਰ ਸਰਕਾਰ: ਸੋਢੀ
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਜਪਾ ਦੀ ਪੰਜਾਬ ਇਕਾਈ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਸਮੇਂ-ਸਿਰ ਹਾੜ੍ਹੀ ਦੀਆਂ ਫ਼ਸਲਾਂ ਬਿਜਵਾਉਣ ਲਈ ਲੋੜੀਂਦੀਆਂ ਖਾਦਾਂ ਅਤੇ ਬੀਜਾਂ ਦਾ ਬਕਾਇਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਲਈ ਕਿਸੇ ਵੀ ਕਿਸਾਨ ਨੂੰ ਬਿਜਾਈ ਸਬੰਧੀ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਕੇਂਦਰ ਦੇ ਵਜ਼ੀਰਾਂ ਵੱਲੋਂ ਸੂਬੇ ਦੇ ਹੜ੍ਹ ਮਾਰੇ ਇਲਾਕਿਆਂ ਵਿੱਚ ਕੀਤੇ ਗਏ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਹਾੜ੍ਹੀ ਦੀ ਬਿਜਾਈ ਸਮੇਂ ਸਿਰ ਕਰਵਾਕੇ ਪੰਜਾਬ ਦੇ ਲੋਕਾਂ ਨੂੰ ਪੱਕੇ ਪੈਰੀਂ ਕਰਨ ਲਈ ਵਿਸ਼ੇਸ ਤੌਰ ’ਤੇ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਬਿਜਾਈ ਲਈ ਡੀਏਪੀ ਖਾਦ ਦੀ ਪੰਜਾਬ ਦੇ ਕਿਸਾਨਾਂ ਸਮੇਤ ਹੋਰ ਹੜ੍ਹਾਂ ਦੀ ਮਾਰ ਝੱਲ ਰਹੇ ਸੂਬਿਆਂ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਉਹ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਜਾਂਚ ਕਿਸੇ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਕਰਵਾਉਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਦਾ ਖਮਿਆਜ਼ਾ ਰਾਜ ਦੇ ਲੋਕਾਂ ਨੂੰ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਜੋ ਵਿਸ਼ੇਸ ਸੈਸ਼ਨ ਬੁਲਾਇਆ ਜਾ ਰਿਹਾ ਹੈ, ਇਸਦਾ ਅਸਲ ਕਾਰਨ ਹੜ੍ਹਾਂ ਵਰਗੀ ਜਹਿਮਤ ਨਾਲ ਜੂਝ ਰਹੇ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਵੱਡੀ ਸਰਕਾਰੀ ਸਾਜਿਸ਼ ਹੈ। ਭਾਜਪਾ ਨੇਤਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕ ਹਿੱਤ ਦੇ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ਿਰ ਜੀਐਸਟੀ ’ਚ ਕਟੌਤੀ ਕਰਕੇ ਨਵਰਾਤਿਆਂ ਮੌਕੇ ਆਮ ਵਰਗ ਨੂੰ ਇੱਕ ਤੋਹਫ਼ਾ ਦਿੱਤਾ ਹੈ, ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਗੋਮਾ ਰਾਮ, ਰਾਕੇਸ਼ ਕੁਮਾਰ ਜੈਨ, ਮੱਖਣ ਲਾਲ, ਸੂਰਜ ਛਾਬੜਾ, ਰੋਹਿਤ ਬਾਂਸਲ, ਅਸ਼ੀਸ਼ ਅਗਰਵਾਲ, ਵਿਨੋਦ ਭੰਮਾ, ਮਨਦੀਪ ਮਾਨ ਤੇ ਵਿਨੋਦ ਕਾਲੀ ਮੌਜੂਦ ਸਨ।