ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਪਾਣੀ ’ਚ ਘਿਰੇ ਸਰਹੱਦੀ ਲੋਕਾਂ ਨੂੰ ਰਾਹਤ ਦੀ ਉਡੀਕ

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਵੱਲੋਂ ਫ਼ਾਜ਼ਿਲਕਾ ਦਾ ਦੌਰਾ; ਰਾਹਤ ਸਮੱਗਰੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ; ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਮੰਗਿਆ
ਫ਼ਾਜ਼ਿਲਕਾ ਜ਼ਿਲ੍ਹੇ ’ਚ ਸਤੁਲਜ ਦੇ ਪੁਲ ਉਪਰੋਂ ਵੱਗ ਰਹੇ ਪਾਣੀ ’ਚੋਂ ਲੰਘ ਕੇ ਸੁਰੱਖਿਅਤ ਥਾਂ ’ਤੇ ਜਾਂਦੇ ਹੋਏ ਲੋਕ।
Advertisement

ਸਤਲੁਜ ਦਰਿਆ ਦੇ ਆਰ-ਪਾਰ ਵਸੇ ਪਿੰਡਾਂ ’ਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ। ਲੋਕਾਂ ਤੱਕ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਨਾ ਪਹੁੰਚਣ ਜਾਂ ਫਿਰ ਨਾਮਾਤਰ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਹੱਦੀ ਲੋਕਾਂ ਦੀ ਜ਼ਿੰਦਗੀ ਦੋ ਪੁੜਾਂ ਵਿਚਾਲੇ ਫਸ ਗਈ ਹੈ। ਉਹ ਨਾ ਆਪਣਾ ਘਰ-ਬਾਰ ਛੱਡ ਕੇ ਜਾ ਸਕਦੇ ਅਤੇ ਨਾ ਹੀ ਉਹ ਪਾਣੀ ਵਿਚ ਰਹਿ ਸਕਦੇ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਤੱਕ ਮਦਦ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਪ੍ਰਸ਼ਾਸਨ ਵੱਲੋਂ ਮਿਲਣ ਵਾਲੀ ਮਦਦ ਦੀ ਉਡੀਕ ਵਿੱਚ ਬੈਠੇ ਨਜ਼ਰ ਆ ਰਹੇ ਹਨ।

ਇਸ ਤਬਾਹੀ ਦਾ ਸੰਤਾਪ ਹੰਢਾ ਰਹੇ ਸਰਹੱਦੀ ਲੋਕਾਂ ਦਾ ਗੁੱਸਾ ਪ੍ਰਸ਼ਾਸਨ ’ਤੇ ਘੱਟ ਪ੍ਰੰਤੂ ਰਾਜਨੇਤਾਵਾਂ ਤੇ ਵੱਧ ਦੇਖਣ ਨੂੰ ਨਜ਼ਰ ਆ ਰਿਹਾ ਹੈ। ਪਿੰਡ ਵੱਲੇ ਸ਼ਾਹ ਹਿਠਾੜ ਉਰਫ਼ ਗੁਲਾਬਾ ਭੈਣੀ ਦੇ ਵਾਸੀ ਅਵਿਨਾਸ਼ ਸਿੰਘ, ਦਿਵਾਨ ਸਿੰਘ, ਪਾਲਾ ਸਿੰਘ, ਜੱਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਲੱਖਾਂ ਦਾ ਫ਼ਸਲਾਂ, ਘਰਾਂ, ਅਤੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਾ ਹੈ ਪਰ ਉਨ੍ਹਾਂ ਕੋਲ ਪ੍ਰਸ਼ਾਸਨ ਰਾਹੀਂ ਜਿਹੜਾ ਰਾਸ਼ਨ ਭੇਜਿਆ ਜਾ ਰਿਹਾ ਹੈ ਉਹ ਨਾ-ਮਾਤਰ ਹੈ। ਉਨ੍ਹਾਂ ਕਿਹਾ ਕਿ ਛੋਟੀਆਂ ਰਾਸ਼ਨ ਕਿੱਟਾਂ ’ਚ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ।

Advertisement

ਉਨ੍ਹਾ ਕਿਹਾ ਕਿ ਉਨ੍ਹਾਂ ਰਾਸ਼ਨ ਦੀ ਲੋੜ ਨਹੀਂ ਪਰ ਸਰਕਾਰ ਉਨ੍ਹਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਦੇਵੇ। ਪਿੰਡ ਜੱਲਾ ਲੱਖੇ ਕੇ ਹਿਠਾੜ ਦੇ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ 2023 ਵਿੱਚ ਆਏ ਹੜ੍ਹਾਂ ਦਾ ਅਜੇ ਤੱਕ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਪਿੰਡ ਘੁਰਕਾ ਦੇ ਨੇੜੇ ਹੜ੍ਹ ਦੀ ਮਾਰ ਵਿੱਚ ਘਿਰੀਆਂ ਢਾਣੀਆਂ ਦੇ ਲੋਕਾਂ ਨੇ ਪੱਕੇ ਤੌਰ ’ਤੇ ਬੇੜੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪ ਖੁਦ ਆ ਜਾ ਕੇ ਸਾਮਾਨ ਲੈ ਕੇ ਆਉਣਗੇ, ਕਿਸੇ ਕੋਲੋਂ ਮੰਗ ਕੇ ਨਹੀਂ ਖਾਣਗੇ।

ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਰਹੱਦੀ ਖੇਤਰ ਵਿੱਚ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਨਾਲ ਫਾਜ਼ਿਲਕਾ ਹਲਕੇ ਦੇ ਵਿਧਾਇਕ ਨਰਿੰਦਰਪਾਲ ਸਵਨਾ ਅਤੇ ਉਨਾਂ ਵੱਲੋਂ ਲੋਕਾਂ ਨੂੰ ਰਾਸ਼ਨ ਵੰਡ ਕੇ ਤਸਵੀਰਾਂ ਖਿੱਚਵਾਈਆਂ ਗਈਆਂ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਵਿੱਚ ਹੜ੍ਹਾਂ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰ ਕੇ ਲਗਾਤਾਰ ਬੇੜੀਆਂ ਰਾਹੀ ਰਾਹਤਕੈਂਪਾਂ ਵਿੱਚ ਲਿਜਾਇਆ ਜਾ ਰਿਹਾ ਹੈ। ਢਾਣੀ ਬਚਨ ਸਿੰਘ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ 1947 ਤੋਂ ਲੈ ਕੇ ਹੁਣ ਤੱਕ ਮਾਰਾਂ ਹੀ ਚਲਦੇ ਆ ਰਹੇ ਹਨ। ਉਹ ਅੱਜ ਵੀ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੇ ਦੁੱਖਾਂ ਤੇ ਦਰਦਾਂ ਦੀ ਕਹਾਣੀ ਬਹੁਤ ਲੰਬੀ ਹੈ, ਜਿਸ ਨੂੰ ਅਜੇ ਤੱਕ ਖਤਮ ਕਰਨ ਲਈ ਕਿਸੇ ਵੀ ਸਰਕਾਰ ਨੇ ਪੱਕਾ ਹੱਲ ਨਹੀਂ ਕੀਤਾ।

ਫਿਰੋਜ਼ਪੁਰ/ਮੱਲਾਂਵਾਲਾ (ਜਸਪਾਲ ਸਿੰਘ ਸੰਧੂ): ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਹਰੀਕੇ ਹੈੱਡ ਵਰਕਸ ਤੋਂ ਅੱਗੇ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਭੇਜੀਆਂ ਗਈਆਂ ਅਤੇ ਕਈ ਪਰਿਵਾਰਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਵਿੱਚ ਘਿਰੇ ਕਈ ਪਰਿਵਾਰ ਆਪਣੇ ਘਰ ਛੱਡਣ ਦੀ ਤਿਆਰ ਨਹੀਂ ਸਨ ਪਰ ਹੁਣ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਨ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ ਦੋ ਤਿੰਨ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਦੇ ਅਲਰਟ ਜਾਰੀ ਕਰਨ ਮਗਰੋਂ ਇਹਨਾਂ ਪਰਿਵਾਰਾਂ ਕੋਲ ਆਪਣੇ ਘਰ ਛੱਡਣ ਦਾ ਸਿਵਾਏ ਕੋਈ ਚਾਰਾ ਨਹੀਂ ਰਿਹਾ। ਅੱਜ ਐੱਨਡੀਆਰਐੱਫ ਅਤੇ ਭਾਰਤੀ ਫੌਜ ਵੱਲੋਂ ਰੈਸਕਿਊ ਕਰ ਕੇ ਪਿੰਡ ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਰਾਜੀ ਸਭਰਾ, ਫਤਿਹਗੜ੍ਹ ਸਭਰਾ, ਆਲੇ ਵਾਲਾ, ਫੱਤੇ ਵਾਲਾ ਆਦਿ ਕਈ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਲਾਂਵਾਲਾ ਤੋਂ ਨੇੜਲੇ ਪਿੰਡ ਨਿਹਾਲਾ ਲਵੇਰਾ ਵਿੱਚ ਗਰਭਵਤੀ ਔਰਤ ਨੂੰ ਹੜ੍ਹ ਦੇ ਪਾਣੀ ਚੋਂ ਬਾਹਰ ਲਿਆ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ।

ਬਠਿੰਡਾ (ਮਨੋਜ ਸ਼ਰਮਾ): ਪੰਜਾਬ ਵਿਚ ਆਏ ਹੜ ਕਾਰਨ ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ਵਿਚ ਦਾਖਲ ਹੁੰਦੀ ਚੰਦ ਭਾਨ ਡਰੇਨ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਡਰੇਨ ਦੀ ਸਫਾਈ ਨਾ ਹੋਣ ਲੋਕਾਂ ਵਲੋਂ ਡਰੇਰੇਜ ਵਿਭਾਗ ’ਤੇ ਸਵਾਲ ਵੀ ਚੁੱਕੇ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਵੱਲੋਂ ਚੰਦਭਾਨ ਡਰੇਨ ਅਤੇ ਇਸ ਨਾਲ ਸੰਬੰਧਤ ਪੁਲਾਂ ਦਾ ਨਿਰੀਖਣ ਕੀਤਾ ਗਿਆ।

ਰਾਜਾ ਵੜਿੰਗ ਵੱਲੋਂ ਪਿੰਡ ਗੱਟੀ ਰਾਜੋਕੇ ਦਾ ਦੌਰਾ

ਫਿਰੋਜ਼ਪੁਰ (ਪੱਤਰ ਪ੍ਰੇਰਕ): ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਆਸ਼ੂ ਬਾਂਗੜ ਨੇ ਪਿੰਡ ਗੱਟੀ ਰਾਜੋਕੇ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਖੇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਈ ਹੱਲ ਦੀ ਵੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਿਆ ਜਾ ਸਕੇ। ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਰਾਜਾ ਵੜਿੰਗ ਨੇ ਦੱਸਿਆ ਕਿ ਉਹ ਜਲਦ ਹੀ ਇਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਣਗੇ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਮਿਲ ਸਕੇ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫੱਤੇ ਵਾਲਾ ਵਿੱਚ ਹੜ੍ਹ ਨੇ ਮਚਾਈ ਤਬਾਹੀ

ਮੱਲਾਂਵਾਲਾ (ਜਸਪਾਲ ਸਿੰਘ ਸੰਧੂ): ਫਿਰੋਜ਼ਪੁਰ ਜ਼ਿਲ੍ਹੇ ਦੇ ਫੱਤੇ ਵਾਲਾ ਪਿੰਡ ਵਿੱਚ ਹੜ੍ਹ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪਿੰਡ ਵਾਸੀ ਆਪਣੇ ਘਰਾਂ ਵਿੱਚ ਫਸੇ ਹੋਏ ਹਨ ਅਤੇ ਕੁਝ ਲੋਕ ਅਜੇ ਵੀ ਆਪਣੀਆਂ ਛੱਤਾਂ ’ਤੇ ਬੈਠੇ ਹੋਏ ਮਦਦ ਦੀ ਉਡੀਕ ਕਰ ਰਹੇ ਹਨ। ਪਿੰਡ ਵਾਸੀ ਆਪਣੇ ਪਸ਼ੂਆਂ ਨੂੰ ਆਪਣੇ ਘਰਾਂ ਵਿੱਚ ਛੱਡ ਕੇ ਬੇੜੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡਾਂ ਵਿੱਚ ਫਸੇ ਹੋਏ ਲੋਕਾਂ ਨੇ ਆਪਣੇ ਪਸ਼ੂਆਂ ਦਾ ਦੁੱਧ ਚੋਅ ਕੇ ਬੇੜੀਆਂ ਵਿੱਚ ਦੁੱਧ ਦੀਆਂ ਡਰੰਮੀਆਂ ਲਿਆਂਦੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੇੜੀ ਚਲਾਉਣ ਲਈ ਕੋਈ ਅਪਰੇਟਰ ਨਹੀਂ ਹੈ, ਇਸ ਲਈ ਉਹ ਖੁਦ ਚਲਾਉਣ ਲਈ ਮਜਬੂਰ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇੱਕ ਬੇੜੀ ਅਪਰੇਟਰ ਅਤੇ ਤਰਪਾਲਾਂ ਦੀ ਮੰਗ ਕੀਤੀ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਪਿੰਡ ਦੇ ਵਸਨੀਕ ਰਾਜਵੀਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਹਾਲਾਤ ਬਹੁਤ ਮਾੜੇ ਹਨ। ਘਰ ਪਾਣੀ ਨਾਲ ਭਰੇ ਹੋਏ ਹਨ, ਪਸੂਆਂ ਅਤੇ ਜਾਨਵਰਾਂ ਲਈ ਚਾਰਾ ਤੇ ਪਾਣੀ ਵੀ ਉਪਲਬਧ ਨਹੀਂ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਕਿਸ਼ਤੀਆਂ ਅਤੇ ਬਚਾਅ ਟੀਮਾਂ ਦਾ ਪ੍ਰਬੰਧ ਕੀਤਾ ਜਾਵੇ।

Advertisement
Show comments