ਹੜ੍ਹਾਂ ਦੀ ਮਾਰ: ਸਰਹੱਦੀ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾਏ
ਸਰਹੱਦੀ ਖੇਤਰ ’ਚ ਵਹਿੰਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ, ਜਿਸ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਰਹੱਦੀ ਖੇਤਰ ਦੇ ਲੋਕਾਂ ਨੂੰ ਸਤਲੁਜ ਦਰਿਆ ਵਿੱਚ ਕਰੀਬ ਦੋ ਫੁੱਟ ਵਧੇ ਪਾਣੀ ਕਾਰਨ ਆਪਣੇ ਘਰਾਂ ਵਿੱਚੋਂ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਖੇਤਰ ਦੇ ਲੋਕ ਹਰ ਵਾਰ ਆਰਥਿਕ ਮਾਰ ਝੱਲਦੇ ਹਨ। ਇਥੇ ਨੇਤਾ ਆਉਂਦੇ ਹਨ ਤੇ ਧਰਵਾਸ ਦੇ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦੇ। ਪਿੰਡ ਵੱਲੇ ਸ਼ਾਹ ਉਤਾੜ ਦੇ ਜੋਗਿੰਦਰ ਸਿੰਘ, ਕਸ਼ਮੀਰ ਸਿੰਘ ਅਤੇ ਪਿੰਡ ਘੁਰਕਾ ਦੇ ਪਰਮਜੀਤ ਸਿੰਘ, ਢਾਣੀ ਮੋਹਣਾ ਰਾਮ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਅਤੇ ਉਹ ਰਾਜਸੀ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਹੜ੍ਹਾਂ ਤੋਂ ਪੱਕੇ ਤੌਰ ’ਤੇ ਨਿਜਾਤ ਦਿਵਾਈ ਜਾਵੇ ਪਰ ਵੋਟਾਂ ਮਗਰੋਂ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਉਂਦਾ।
ਪਿੰਡ ਤੇਜਾ ਰੁਹੇਲਾ ਦੇ ਸੀਤਾ ਸਿੰਘ ਅਤੇ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਵਿੱਚ ਪਾਣੀ ਦੇ ਵਹਾਅ ਦਾ ਹੋਰ ਪੱਧਰ ਵੱਧਣ ਨਾਲ ਪਹਿਲਾਂ ਫਸਲਾਂ ਤਬਾਹ ਹੋ ਗਈਆਂ ਤੇ ਹੁਣ ਪਾਣੀ ਨੇ ਪਿੰਡਾਂ ਵੱਲ ਮੋੜਾ ਕੱਟ ਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਘਰ ਛੱਡਕੇ ਜਾਣ ਲਈ ਮਜਬੂਰ ਹੋਣਾ ਪਵੇਗਾ। ਪਿੰਡ ਦੋਨਾ ਨਾਨਕਾ ਦੇ ਪਰਮਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਸ਼ੂਆਂ ਲਈ ਚਾਰਾ ਨਹੀਂ ਬਚਿਆ ਅਤੇ ਖੁਦ ਪਰਿਵਾਰ ਲਈ ਰੋਟੀ ਦੇ ਲਾਲੇ ਪੈ ਗਏ ਹਨ।
ਸਰਹੱਦੀ ਖੇਤਰ ਦੇ ਲੋਕਾਂ ਨੇ ਡਰ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਲ 2023 ਵਿੱਚ ਆਏ ਹੜ੍ਹ ਨਾਲੋਂ ਵੀ ਹਾਲਾਤ ਮਾੜੇ ਬਣਦੇ ਜਾਂ ਰਹੇ ਹਨ। ਉਨ੍ਹਾਂ ਗਿਲ੍ਹਾ ਜ਼ਾਹਿਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰਾਂ ਰਾਜ ਕਰਦੀਆਂ ਆ ਰਹੀਆਂ ਹਨ। ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਕਿ ਇੱਕ ਦੋ ਸਾਲਾਂ ਬਾਅਦ ਹੜ੍ਹਾਂ ਦੀ ਸਥਿਤੀ ਬਣਦੀ ਹੈ, ਪਰੰਤੂ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ।