ਪਿੰਡ ਫੱਤੇਵਾਲਾ ’ਚ ਹੜ੍ਹ ਨੇ ਤਬਾਹੀ ਮਚਾਈ: ਲੋਕ ਬੇੜੀਆਂ ’ਤੇ ਦੁੱਧ ਲੈ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚੇ
ਇੱਥੋਂ ਦੇ ਪਿੰਡ ਫੱਤੇਵਾਲਾ ਵਿੱਚ ਹੜ੍ਹ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪਿੰਡ ਵਾਸੀ ਆਪਣੇ ਘਰਾਂ ਵਿੱਚ ਫਸੇ ਹੋਏ ਹਨ ਅਤੇ ਹੜ੍ਹ ਦਾ ਪਾਣੀ ਚਾਰੇ ਪਾਸੇ ਫੈਲ ਚੁੱਕਾ ਹੈ ਕੁਝ ਲੋਕ ਅਜੇ ਵੀ ਆਪਣੀਆਂ ਛੱਤਾਂ ਤੇ ਬੈਠੇ ਹੋਏ ਮਦਦ ਦੀ ਉਡੀਕ ਕਰ ਰਹੇ ਹਨ। ਹਾਲ ਇਹ ਬਣ ਗਏ ਹਨ ਕਿ ਪਿੰਡ ਵਾਸੀ ਆਪਣੇ ਪਸ਼ੂਆਂ ਨੂੰ ਆਪਣੇ ਘਰਾਂ ਵਿੱਚ ਛੱਡ ਕੇ ਬੇੜੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਫਸੇ ਹੋਏ ਲੋਕਾਂ ਨੇ ਆਪਣੇ ਪਸ਼ੂਆਂ ਦਾ ਦੁੱਧ ਚੋਅ ਕੇ ਬੇੜੀਆਂ ਵਿੱਚ ਦੁੱਧ ਦੀਆਂ ਡਰੰਮੀਆਂ ਲਿਆਂਦੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੇੜੀ ਚਲਾਉਣ ਲਈ ਕੋਈ ਆਪਰੇਟਰ ਨਹੀਂ ਹੈ ਇਸ ਲਈ ਉਹ ਇਸਨੂੰ ਖੁਦ ਚਲਾਉਣ ਲਈ ਮਜਬੂਰ ਹਨ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇੱਕ ਬੇੜੀ ਆਪਰੇਟਰ ਅਤੇ ਤਰਪਾਲਾਂ ਦੀ ਮੰਗ ਕੀਤੀ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ।
ਪਿੰਡ ਦੇ ਵਸਨੀਕ ਰਾਜਵੀਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਹਾਲਾਤ ਬਹੁਤ ਮਾੜੇ ਹਨ। ਘਰ ਪਾਣੀ ਨਾਲ ਭਰੇ ਹੋਏ ਹਨ ਪਸੂਆਂ ਅਤੇ ਜਾਨਵਰਾਂ ਲਈ ਚਾਰਾ ਤੇ ਪਾਣੀ ਵੀ ਉਪਲਬਧ ਨਹੀਂ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਿਸ਼ਤੀਆਂ ਅਤੇ ਬਚਾਅ ਟੀਮਾਂ ਦਾ ਪ੍ਰਬੰਧ ਕੀਤਾ ਜਾਵੇ। ਲੋਕ ਇਹ ਵੀ ਕਹਿ ਰਹੇ ਹਨ ਕਿ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਅਤੇ ਪਿੰਡ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।