ਹੜ੍ਹਾਂ ਦਾ ਖ਼ਤਰਾ: ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਮਦਦ ਦੀ ਝਾਕ ਛੱਡੀ
ਸਤਲੁਜ ਦਰਿਆ ਵਿੱਚ ਦੋ ਦਿਨਾਂ ’ਚ ਪਾਣੀ ਘਟਣ ਨਾਲ ਲੋਕਾਂ ਨੂੰ ਰਾਹਤ ਦੀ ਉਮੀਦ ਬੱਜੀ ਸੀ ਪਰੰਤੂ ਅੱਜ ਪਾਣੀ ਦਾ ਵਹਾ ਮੁੜ ਤੇਜ਼ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਪੰਜਾਬ ਸਰਕਾਰ ਦੇ ਅੱਜ ਦੋ ਕੈਬਨਿਟ ਮੰਤਰੀਆਂ ਨੇ ਸਰਹੱਦੀ ਖੇਤਰ ਦੇ ਲੋਕਾਂ ਦਾ ਹਾਲ ਜਾਣਨ ਲਈ ਦੌਰਾ ਕੀਤਾ। ਸਰਹੱਦੀ ਪਿੰਡ ਮੁਹਾਰ ਜਮਸ਼ੇਰ ਵਿੱਚ ਦੌਰਾ ਕਰਕੇ ਆਏ ਮੰਤਰੀਆਂ ਬਾਰੇ ਗੱਲਬਾਤ ਕਰਦਿਆਂ ਪਿੰਡ ਦੇ ਵਸਨੀਕ ਪ੍ਰਤਾਪ ਸਿੰਘ ਨੇ ਕਿਹਾ ਕਿ ਮੰਤਰੀਆਂ ਨੇ ਟਰੈਕਟਰ ਟਰਾਲੀ ’ਤੇ ਚੜ੍ਹ ਕੇ ਗੇੜਾ ਜ਼ਰੂਰ ਮਾਰਿਆ ਹੈ ਪਰੰਤੂ ਉਨ੍ਹਾਂ ਨੂੰ ਕੋਈ ਅਜੇ ਵੀ ਧਰਵਾਸ ਨਹੀਂ ਮਿਲਿਆ ਕਿ ਉਨ੍ਹਾਂ ਦੀ ਮੁਸ਼ਕਲ ਦਾ ਕੋਈ ਹੱਲ ਕੀਤਾ ਜਾਵੇਗਾ। ਪਿੰਡ ਤੇਜਾ ਰੁਹੇਲਾ ਦੇ ਮਹਿਲ ਸਿੰਘ, ਪਿੰਡ ਦੋਨਾ ਨਾਨਕਾ ਦੇ ਗੁਰਦੀਪ ਸਿੰਘ, ਦਲਜੀਤ ਸਿੰਘ ਅਤੇ ਅਤੇ ਹੋਰਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਹੜ੍ਹ ਨਾਲ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀਆਂ ਫ਼ਸਲਾਂ ਅਤੇ ਮਕਾਨਾਂ ਨੂੰ ਨੁਕਸਾਨ ਹੋ ਚੁੱਕਿਆ ਹੈ। ਕੁਝ ਦਿਨ ਪਹਿਲੇ ਇੱਥੇ ਦਰਿਆ ਵਿੱਚ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਲ 2023 ਵਿੱਚ ਆਏ ਹੜ੍ਹ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ। ਲੋਕਾਂ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਸਿਰਫ ਉਨ੍ਹਾਂ ਦੀਆਂ ਫਸਲਾਂ, ਸਬਜ਼ੀਆਂ ਅਤੇ ਹਰਾ ਚਾਰਾਂ ਤਬਾਹ ਹੋ ਚੁੱਕਿਆ ਸੀ ਪਰ ਹੁਣ ਉਨ੍ਹਾਂ ਨੂੰ ਇਸ ਗੱਲ ਦਾ ਡਰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਹੁਣ ਆਪਣੇ ਘਰ ਛੱਡ ਕੇ ਜਾਣਾ ਪਏਗਾ, ਕਿਉਂਕਿ ਰਾਜਸੀ ਆਗੂਆਂ ਅਤੇ ਪ੍ਰਸ਼ਾਸਨ ਤੋਂ ਕੋਈ ਉਨ੍ਹਾਂ ਨੂੰ ਵੱਡੀ ਮਦਦ ਦੀ ਉਮੀਦ ਨਹੀਂ ਜਾਪਦੀ। ਲੋਕਾਂ ਨੇ ਗ਼ਿਲ੍ਹਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਮਦਦ ਮੁਹੱਈਆ ਨਹੀਂ ਕਰਵਾਈ ਗਈ ਅਤੇ ਨਾ ਹੀ ਹੜ੍ਹ ਦੇ ਖਤਰੇ ਸਬੰਧੀ ਕੋਈ ਅਗਾਂਹੂ ਸੂਚਨਾ ਨਾ ਦਿੱਤੀ ਜਾ ਰਹੀ ਹੈ। ਸਰਹੱਦੀ ਲੋਕਾਂ ਦੀ ਮੰਗ ਹੈ ਹਕੀਕੀ ਰੂਪ ਵਿੱਚ ਉਹਨਾਂ ਦੇ ਬਚਾਅ ਲਈ ਅਤੇ ਉਹਨਾਂ ਦੇ ਪੱਕੇ ਤੌਰ ਤੇ ਰਹਿਣ ਬਸੇਰੇ ਦਾ ਪ੍ਰਬੰਧ ਕੀਤਾ ਜਾਵੇ, ਸਿਰਫ ਤਸਵੀਰਾਂ ਖਿਚਵਾਉਣ ਲਈ ਇੱਕ ਟਰਾਲੀ ਪੂਰੇ ਇਲਾਕੇ ਵਿੱਚ ਚਾਰੇ ਦੇ ਲਿਆ ਕੇ ਉਹਨਾਂ ਲਈ ਕੋਈ ਫਰਿਸ਼ਤਾ ਬਣ ਕੇ ਨਾ ਆਵੇ।
ਏਡੀਸੀ ਵੱਲੋਂ ਬੰਨ੍ਹਾਂ ਦਾ ਜਾਇਜ਼ਾ
ਮਖੂ (ਨਿੱਜੀ ਪੱਤਰ ਪ੍ਰੇਰਕ): ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਏਡੀਸੀ ਫਿਰੋਜ਼ਪੁਰ ਡਾ. ਨਿਧੀ ਬੰਬਾਹ ਨੇ ਮਖੂ ਦੇ ਦਰਿਆ ਨੇੜਲੇ ਪਿੰਡਾਂ ਮੰਨੂ ਮਾਛੀ, ਭੂਪੇਵਾਲਾ, ਭੂਤੀਵਾਲਾ, ਰੁਕਨੇ ਵਾਲਾ ਆਦਿ ਦਾ ਦੌਰਾ ਕੀਤਾ ਅਤੇ ਪ੍ਰੋਟੈਕਸ਼ਨ ਬੰਨ੍ਹ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੂੰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਹਰ ਸਾਲ ਹੜ੍ਹਾਂ ਕਾਰਨ ਤਬਾਹ ਹੋ ਜਾਂਦੀਆਂ ਹਨ, ਜਿਸ ਕਾਰਨ ਉਹ ਕਰਜ਼ੇ ਦੀ ਮਾਰ ਹੇਠ ਆ ਜਾਂਦੇ ਹਨ। ਕਿਸਾਨਾਂ ਨੇ ਕਿਹਾ ਕਿ ਦਰਿਆ ਦੇ ਬੰਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਫਸਲ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਏਡੀਸੀ ਨੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।