ਹੜ੍ਹ: ਪਾਣੀ ਸੁੱਕਣ ਮਗਰੋਂ ਬਿਮਾਰੀਆਂ ’ਚ ਜਕੜੇ ਲੋਕ
ਮੀਂਹਾਂ ਦੇ ਪਾਣੀ ਸੁੱਕਣ ਤੋਂ ਬਾਅਦ ਹੁਣ ਮਾਲਵਾ ਖੇਤਰ ਦੇ ਪੇਂਡੂ ਤੇ ਸ਼ਹਿਰੀ ਹਲਕਿਆਂ ਵਿੱਚ ਲੋਕ ਲਗਾਤਾਰ ਬਿਮਾਰੀਆਂ ਦੀ ਜਕੜ ਵਿੱਚ ਆਉਣ ਲੱਗੇ ਹਨ। ਭਾਵੇਂ ਸਿਹਤ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਦੇ ਇਲਾਜ ਲਈ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਬਕਾਇਦਾ ਵਿਸ਼ੇਸ ਮੈਡੀਕਲ ਕੈਂਪ ਲਾਏ ਜਾ ਰਹੇ ਹਨ, ਪਰ ਕੈਂਪਾਂ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਦਵਾਈਆਂ ਘੱਟ ਅਤੇ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਕਈ ਦਿੱਕਤਾਂ ਖੜ੍ਹੀਆਂ ਹੋਣ ਲੱਗੀਆਂ ਹਨ। ਸਿਹਤ ਵਿਭਾਗ ਨੇ ਸਾਰੇ ਸੀਨੀਅਰ, ਜੂਨੀਅਰ ਡਾਕਟਰਾਂ ਦੀਆਂ ਅਜਿਹੇ ਕੈਂਪਾਂ ਵਿੱਚ ਵਿਸ਼ੇਸ ਡਿਊਟੀਆਂ ਲਗਾਈਆਂ ਗਈਆਂ ਹਨ, ਜਦੋਂ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਸਮੇਤ ਹੋਰ ਆਗੂਆਂ ਨੂੰ ਕੈਂਪਾਂ ਵਿੱਚ ਹਾਜ਼ਰ ਰਹਿਣ ਲਈ ਆਖਿਆ ਗਿਆ ਹੈ।
ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ, ਸਰਦੂਲਗੜ੍ਹ ਅਤੇ ਭੀਖੀ ਦੇ ਜਿਹੜੇ ਇਲਾਕਿਆਂ ਵਿੱਚ ਕਈ-ਕਈ ਦਿਨ ਮੀਂਹਾਂ ਦਾ ਪਾਣੀ ਖੜ੍ਹਾ ਰਿਹਾ ਹੈ, ਉਸ ਖੜ੍ਹੇ ਪਾਣੀ ਤੋਂ ਪੈਦਾ ਹੋਏ ਮੱਛਰ-ਮੱਖੀਆਂ ਨੇ ਲੋਕਾਂ ਨੂੰ ਮਲੇਰੀਆ, ਡੇਂਗੂ ਸਮੇਤ ਚਮੜੀ ਅਤੇ ਹੋਰ ਕਈ ਰੋਗਾਂ ਤੋਂ ਜਕੜ ਲਿਆ ਹੈ। ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੂੰ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਮੈਡੀਕਲ ਕੈਂਪਾਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਆ।