ਮੋਗਾ ’ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ
ਇਥੇ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਜ਼ੀਰਾ ਦਾ ਇੱਕ ਨੌਜਵਾਨ ਗੱਡੀ ਸਮੇਤ ਸ਼ਹਿਰ ਦੀ ਹੱਦ ਉੱਤੇ ਸਥਿੱਤ ਪਿੰਡ ਬੁੱਘੀਪੁਰਾ ’ਚ ਸੇਮ ਨਾਲੇ ’ਚ ਰੁੜ੍ਹ ਗਿਆ। ਉਸਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਇਥੇ ਮੁਹੱਲਾ ਹਰਿਗੋਬਿੰਦ ਨਗਰ ਦੇ ਘਰਾਂ ’ਚ ਪਾਣੀ ਭਰਨ ਕਾਰਨ ਲੋਕਾਂ ਨੇ ਕੋਟਕਪੂਰਾ ਬਾਈਪਾਸ ਉੱਤੇ ਆਵਾਜਾਈ ਰੋਕ ਕੇ ਮੁਜ਼ਾਹਰਾ ਕੀਤਾ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ’ਚ ਬਹੁਤੇ ਬਰਸਾਤੀ ਨਾਲਿਆਂ ਦੀ ਸਫਾਈ ਹੋਈ ਸੀ ਪਰ ਭਾਰੀ ਬਾਰਿਸ਼ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਨੂੰ ਬਰਸਾਤੀ ਨਾਲਿਆਂ ਦੇ ਬੰਨ੍ਹ ਮਜ਼ਬੂਤ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਵੇਰਵਿਆਂ ਅਨੁਸਾਰ ਜ਼ੀਰਾ ਨਿਵਾਸੀ ਬੀਰਾ (20) ਨੇ ਦੱਸਿਆ ਕਿ ਉਸ ਨੇ ਆਪਣੇ ਮਾਲਕ ਕਰਨ (27) ਨਾਲ ਸਕੌਡਾ ਗੱਡੀ ਵਿੱਚ ਲੁਧਿਆਣਾ ਜਾਣਾ ਸੀ ਪਰ ਕਿਸੇ ਕੰਮ ਲਈ ਪਿੰਡ ਬੁੱਘੀਪੁਰਾ ਵੱਲ ਜਾ ਰਹੇ ਸਨ। ਭਾਰੀ ਮੀਂਹ ਕਾਰਨ ਸੇਮ ਨਾਲੇ ਕੋਲ ਖੱਡੇ ’ਚ ਪਾਣੀ ਭਰਿਆ ਸੀ ਤੇ ਉਹ ਗੱਡੀ ਤੋਂ ਬਾਹਰ ਆ ਕੇ ਗੱਡੀ ਬੈਕ ਕਰਵਾਉਣ ਲੱਗਾ ਹੀ ਸੀ ਕਿ ਗੱਡੀ ਪਾਣੀ ਦੇ ਤੇਜ਼ ਵਹਾਅ ਕਾਰਨ ਸੇਮ ਨਾਲੇ ਵਿੱਚ ਰੁੜ੍ਹ ਗਈ। ਪਿੰਡ ਦੇ ਲੋਕਾਂ ਨੇ ਗੱਡੀ ਤਾਂ ਕੱਢ ਲਈ ਹੈ ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗਾ। ਪੁਲੀਸ ਗੋਤਾਖੋਰਾ ਦੀ ਮਦਦ ਲੈ ਰਹੀ ਹੈ।
ਇਸ ਤਰ੍ਹਾਂ ਇਥੇ ਹਰਿਗੋਬਿੰਦ ਨਗਰ ਦੇ ਘਰਾਂ ਵਿਚ ਪਾਣੀ ਭਰਨ ਕਾਰਨ ਕਈ ਘਰ ਨੁਕਸਾਨੇ ਗਏ ਅਤੇ ਰੋਹ ਵਿੱਚ ਆਈਆਂ ਔਰਤਾਂ ਨੇ ਮੁੱਖ ਮਾਰਗ ਉੱਤੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਕਾਂਗਰਸ ਦੀ ਮੋਗਾ ਸ਼ਹਿਰੀ ਹਲਕੇ ਤੋਂ ਇੰਚਾਰਜ ਮਾਲਵਿਕਾ ਸੂਦ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਲੋਕਾਂ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਪਾਣੀ ਦਾ ਇੰਨਾ ਤੇਜ਼ ਵਹਾਅ ਦੇਖਿਆ ਹੈ। ਇਸੇ ਤਰ੍ਹਾਂ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸੜਕਾਂ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਕਈ ਪਿੰਡਾਂ ਦਾ ਆਪਸ ਵਿਚ ਸੰਪਰਕ ਵੀ ਟੁੱਟ ਗਿਆ।
ਸਿੰਜਾਈ ਵਿਭਾਗ ਭਾਵੇਂ ਡਰੇਨਾਂ ਦੀ ਸਫਾਈ ਦੇ ਦਾਅਵੇ ਕਰ ਰਿਹਾ ਪਰ ਜ਼ਮੀਨੀ ਤੌਰ ’ਤੇ ਹਾਲਾਤ ਕੁਝ ਹੋਰ ਹੀ ਹਨ। ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਡਰੇਨਾਂ ਦੇ ਅੰਦਰ ਘਾਹ ਫੂਸ ਉੱਗਿਆ ਹੋਇਆ ਪਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਦੇਖਿਆ ਹਾਲਾਤ ਹੜ੍ਹਾਂ ਵਰਗੇ ਹਨ। ਸੈਂਕੜੇ ਏਕੜ ਜ਼ਮੀਨ ’ਚ ਫ਼ਸਲਾਂ ਡੁੱਬ ਗਈਆਂ ਹਨ। ਜੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਤਾਂ ਅਜਿਹੇ ਹਾਲਾਤ ਪੈਦਾ ਨਾ ਹੁੰਦੇ। ਡਰੇਨਾਂ ਜਿਹੜੀਆਂ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਰੋਕਦੀਆਂ ਹਨ ਉਨ੍ਹਾਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ। ਫ਼ਰੀਦਕੋਟ ਲੋਕ ਸਭਾ ਹਲਕਾ ਇੰਚਾਰਜ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਉਨ੍ਹਾਂ ਕਈ ਪਿੰਡਾਂ ਦਾ ਦੌਰਾ ਕੀਤਾ ਫ਼ਸਲਾਂ ਪਾਣੀ ਵਿਚ ਡੁੱਬੀਆਂ ਪਈਆਂ ਹਨ।
ਡਰੇਨੇਜ ਵਿਭਾਗ ਦਾ ਜੂਨੀਅਰ ਇੰਜਨੀਅਰ ਮੁਅੱਤਲ
ਸ਼ਹਿਰੀ ਹਲਕੇ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਹਰਿਗੋਬਿੰਦ ਨਗਰ ਕੋਲੋਂ ਲੰਘਦੀ ਡਰੇਨ ਦਾ ਪਾਣੀ ਮੁਹੱਲੇ ਦੇ ਕੁਝ ਘਰਾਂ ਵਿੱਚ ਪਹੁੰਚ ਗਿਆ ਪਰ ਉਹ ਸੂਬੇ ਤੋਂ ਬਾਹਰ ਹੋਣ ਕਰ ਕੇ ਨਹੀਂ ਆ ਸਕਦੇ। ਇਸ ਲਾਪਰਵਾਹੀ ਨੂੰ ਦੇਖਦੇ ਹੋਏ ਡਰੇਰੇਜ ਵਿਭਾਗ ਦੇ ਜੂਨੀਅਰ ਇੰਜਨੀਅਰ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰ ਕੇ ਲੋਕਾਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ 3 ਮਹੀਨਿਆਂ ਦੇ ਅੰਦਰ-ਅੰਦਰ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।