ਹੜ੍ਹ ਦੀ ਮਾਰ: ਮੋਹਤਬਰ ਮੁਆਵਜ਼ਾ ਲੈ ਗਏ, ਪੀੜਤ ਦੇਖਦੇ ਰਹਿ ਗਏ
ਸਤਲੁਜ ’ਚ ਆਏ ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਸੰਘੇੜਾ ਮੁੜ ਚਰਚਾ ਵਿੱਚ ਹੈ। ਪਿੰਡ ਦੇ ਹੜ੍ਹ ਪੀੜਤ ਮੁਆਵਜ਼ਾ ਰਾਸ਼ੀ ਦੀ ਉਡੀਕ ਵਿੱਚ ਦਿਨ ਗਿਣ ਰਹੇ ਹਨ ਲੇਕਿਨ ਪਿੰਡ ਦੇ ਮੋਹਤਬਰਾਂ ਦੇ ਖਾਤਿਆਂ ’ਚ ਸਰਕਾਰੀ ਸਹਾਇਤਾ ਰਾਸ਼ੀ ਪਹੁੰਚ ਗਈ ਹੈ। ਪਿੰਡ ਵੜਦਿਆਂ ਹੀ ਸਭ ਤੋਂ ਪਹਿਲਾਂ ਸਤਨਾਮ ਸਿੰਘ ਘਰ ਦਾ ਆਉਂਦਾ ਹੈ। ਉਸ ਦਾ ਘਰ ਹੜ੍ਹ ਦੀ ਭੇਟ ਚੜ੍ਹ ਚੁੱਕਾ ਹੈ। ਸਤਨਾਮ ਸਿੰਘ ਦੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਹੈ। ਜ਼ਮੀਨ ਜਾਇਦਾਦ ਤੋਂ ਪੂਰੀ ਤਰ੍ਹਾਂ ਸੱਖਣਾ ਹੈ। ਇਸ ਵੇਲੇ ਪਰਿਵਾਰ, ਤੰਬੂ ਵਿੱਚ ਆਪਣਾ ਰੈਣ ਬਸੇਰਾ ਬਣਾ ਕੇ ਦਿਨ ਕੱਟ ਰਿਹਾ ਹੈ। ਉਸ ਨੂੰ ਗਿਲ੍ਹਾ ਹੈ ਕਿ ਪਿੰਡ ਦੇ ਮੋਹਤਬਰ ਕਾਗਜ਼ਾਂ ਵਿੱਚ ਪੀੜਤ ਬਣ ਕੇ ਡਿੱਗੇ ਮਕਾਨਾਂ ਅਤੇ ਸ਼ੈਡਾਂ ਦੀ ਸਹਾਇਤਾ ਰਾਸ਼ੀ ਲੈਣ ਵਿੱਚ ਕਾਮਯਾਬ ਹੋ ਗਏ ਹਨ ਪ੍ਰੰਤੂ ਜੋ ਸੱਚਮੁੱਚ ਪੀੜਤ ਹਨ ਉਨ੍ਹਾਂ ਤੱਕ ਸਹਾਇਤਾ ਰਾਸ਼ੀ ਪੁੱਜੀ ਹੀ ਨਹੀਂ ਹੈ। ਉਸ ਮੁਤਾਬਕ ਪਿੰਡ ਵਿੱਚ 95 ਘਰ ਹਨ ਅਤੇ 38 ਘਰਾਂ ਦੀ ਮੁਆਵਜ਼ਾ ਰਾਸ਼ੀ ਵਜੋਂ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਪਰ ਸਹਾਇਤਾ ਸੂਚੀ ਵਿੱਚ ਉਸ ਨਾਮ ਨਾ ਹੋਣ ਕਾਰਨ ਉਹ ਨਿਰਾਸ਼ ਹੈ। ਉਨ੍ਹਾਂ ਮੁਤਾਬਕ ਸਹਾਇਤਾ ਰਾਸ਼ੀ ਵੰਡ ਵਿੱਚ ਪੂਰੀ ਤਰ੍ਹਾਂ ਵਿਤਕਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਵਾਸੀ ਨਿਸ਼ਾਨ ਸਿੰਘ ਅਤੇ ਕੁਲਵੰਤ ਕੌਰ ਨੇ ਵੀ ਸਹਾਇਤਾ ਰਾਸ਼ੀ ਵੰਡ ਵਿੱਚ ਵਿਤਕਰਾ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਘਰ ਦਾ ਹੜ੍ਹਾਂ ਕਾਰਨ ਨੁਕਸਾਨ ਨਹੀਂ ਹੋਇਆ ਉਹ ਸਹਾਇਤਾ ਰਾਸ਼ੀ ਲੈਣ ਵਿੱਚ ਸਫ਼ਲ ਰਹੇ। ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨ ਲਈ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।
ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਾਂਗੇ: ਐੱਸ ਡੀ ਐੱਮ
ਧਰਮਕੋਟ ਦੇ ਐੱਸ ਡੀ ਐੱਮ ਹਿਤੇਸ਼ ਵੀਰ ਗੁਪਤਾ ਨੇ ਦੱਸਿਆ ਕਿ ਮੁਆਵਜ਼ਾ ਰਾਸ਼ੀ ਦੇ ਸਰਵੇ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਮਾਮਲਾ ਜਾਂ ਸ਼ਿਕਾਇਤ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇਗੀ ਉਸ ’ਤੇ ਤੁਰੰਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੜ੍ਹ ਪੀੜਤ ਮੁਆਵਜ਼ਾ ਰਾਸ਼ੀ ਤੋਂ ਵਾਂਝਾ ਰਹਿ ਗਿਆ ਹੈ ਤਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਦਾ ਹੈ।
