ਪਿੰਡ ਤਲਵੰਡੀ ’ਚ ਵਿਧਾਇਕ ਉਗੋਕੇ ਖਿਲਾਫ਼ ਲੱਗੇ ਫਲੈਕਸ; ਪੁਲੀਸ ਵੱਲੋਂ ਤਿੰਨ ਕਾਬੂ
ਪਿੰਡ ਤਲਵੰਡੀ ਦੇ ਲੋਕਾਂ ਦਾ ਗਰਿੱਡ ਦੇ ਮਸਲੇ ’ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਖਿਲਾਫ਼ ਗੁੱਸਾ ਠੰਡਾ ਨਹੀਂ ਹੋ ਰਿਹਾ ਹੈ। ਲੋਕਾਂ ਨੇ ਵਿਧਾਇਕ ਖਿਲਾਫ਼ ਪਿੰਡ ਦੀਆਂ ਕੰਧਾਂ ’ਤੇ ਫਲੈਕਸ ਲਗਾ ਕੇ ਮੁੜ ਆਪਣਾ ਰੋਸ ਜ਼ਾਹਰ ਕੀਤਾ। ਇਸ ਸਬੰਧ ਵਿੱਚ ਪੁਲੀਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀ ਹਿਰਾਸਤ ਵਿਚ ਲਏ।
ਪੁਲੀਸ ਦੀ ਇਸ ਕਾਰਵਾਈ ਦੇ ਵਿਰੋਧ ’ਚ ਥਾਣਾ ਭਦੌੜ ਵਿਖੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਥਾਣੇ ’ਚ ਇੱਕਤਰ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਿੰਡ ’ਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਆਉਣ ਦੀ ਮਨਾਹੀ ਦੇ ਪੋਸਟਰ ਲੱਗੇ ਸਨ ਜੋ ਆਮ ਆਦਮੀ ਪਾਰਟੀ ਨੂੰ ਹਜ਼ਮ ਨਹੀਂ ਆਏ ਤਾਂ ਵਿਧਾਇਕ ਲਾਭ ਸਿੰਘ ਉੋਗੋਕੇ ਦੀ ਸ਼ਹਿ ਤੇ ਸਾਡੇ ਪਿੰਡ ਦੇ ਤਿੰਨ ਵਿਅਕਤੀ ਪੰਚ ਯਾਦਵਿੰਦਰ ਕੁਮਾਰ, ਜੁਗਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਹੈ। ਸਰਪੰਚ ਦੇ ਪਤੀ ਅੰਮ੍ਰਿਤਪਾਲ ਸਿੰਘ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਆਜ਼ਾਦ ਦੇਸ਼ ’ਚ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ। ਇਸ ਬਾਰੇ ਜਦੋਂ ਥਾਣਾ ਮੁਖੀ ਗੁਰਵਿੰਦਰ ਸਿੰਘ ਨਾਲ ਫੋਨ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਤੇ ਥਾਣੇ ਵਿਚ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ’ਤੇ ਚੁਪੀ ਧਾਰ ਲਈ।