ਦੋ ਵੱਖ-ਵੱਖ ਹਾਦਸਿਆਂ ’ਚ ਪੰਜ ਜਣੇ ਜ਼ਖਮੀ
ਅਬੋਹਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਦਿਨੋਂ ਦਿਨ ਵੱਧ ਰਹੀ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰ ਰਹੀ ਹੈ। ਅਜ ਦੁਪਹਿਰ ਸ਼ਹਿਰ ਦੇ ਦੋ ਥਾਵਾਂ ’ਤੇ ਪਸ਼ੂਆਂ ਨਾਲ ਟਕਰਾਉਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਤਿੰਨ ਜਣਿਆਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਕਟੈਹੜਾ ਦੇ ਰਹਿਣ ਵਾਲੇ ਮੁਕੇਸ਼, ਉਸ ਦੀ ਭੈਣ ਸਾਖੀ (14), ਮੁਕੇਸ਼ ਦਾ ਭਰਾ ਦੀਪਕ ਤੇ ਉਸ ਦਾ 4 ਸਾਲ ਦਾ ਪੁੱਤਰ ਆਸ਼ੀਸ਼ ਅੱਜ ਇੱਕ ਮੋਟਰਸਾਈਕਲ ’ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆ ਰਹੇ ਸਨ। ਜਦੋਂ ਉਹ ਫਾਜ਼ਿਲਕਾ ਰੋਡ ’ਤੇ ਮੀਰਾ ਕਾਲਜ ਦੇ ਨੇੜੇ ਪਹੁੰਚੇ ਤਾਂ ਰੋਡ ’ਤੇ ਢੱਠਾ ਆ ਗਿਆ। ਢੱਠੇ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਚਾਰੇ ਜਣੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਨੇੜਲੇ ਲੋਕਾਂ ਨੇ ਤੁਰੰਤ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਅਤੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਪ੍ਰਾਇਮਰੀ ਇਲਾਜ ਕੀਤਾ, ਜਿੱਥੇ ਡਾਕਟਰਾਂ ਮੁਤਾਬਕ ਸਾਖੀ ਅਤੇ ਮੁਕੇਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕਰਨ ਦੀ ਤਿਆਰੀ ਹੈ। ਇੱਕ ਹੋਰ ਘਟਨਾ ਵਿੱਚ ਪੰਜਾਬ ਪੀਰ ਨਗਰ ਅਬੋਹਰ ਦਾ ਰਹਿਣ ਵਾਲਾ ਲਗਭਗ 22 ਸਾਲ ਦਾ ਵਿੱਕੀ ਕੁਮਾਰ ਅੱਜ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਾਣਾ ਮੰਡੀ ਵਿੱਚ ਕੋਈ ਗੱਡੀ ਲੋਡ ਕਰਨ ਆ ਰਿਹਾ ਸੀ ਜਦੋਂ ਉਹ ਅਨਾਜ ਮੰਡੀ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਦੇ ਝੁੰਡ ਨਾਲ ਟਕਰਾਇਆ ਤਾਂ ਉਹ ਗੰਭੀਰ ਜਖ਼ਮੀ ਹੋ ਗਿਆ। ਉਸ ਦੇ ਸਿਰ ਅਤੇ ਮੂੰਹ ਸੱਟਾਂ ਲੱਗੀਆਂ ਹਨ। ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ।
