ਖੇਤੀ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਖੇਤਾਂ ਵਿੱਚੋਂ ਰਾਤ ਵੇਲੇ ਖੇਤੀ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਕੇ ਕਿਸਾਨਾਂ ਨੇ ਇੱਕ ਕੁਇੰਟਲ ਤਾਰਾਂ ਵੀ ਬਰਾਮਦ ਕੀਤੀਆਂ ਹਨ। ਇਹ ਤਾਰਾਂ ਪਿੰਡ ਦੀਆਂ ਤਕਰੀਬਨ 20 ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਇਹ ਵਿਅਕਤੀ ਮਾਨਸਾ ਦੇ ਕਿਸੇ ਕਾਬੜੀਏ (ਦੁਕਾਨਦਾਰ) ਕੋਲ 400 ਰੁਪਏ ਕਿਲੋ ਦੇ ਹਿਸਾਬ ਨਾਲ ਤਾਰਾਂ ਵੇਚਦੇ ਸਨ। ਪਿੰਡ ਦਾਤੇਵਾਸ ਦੇ ਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਘੇਰਾ ਪਾ ਕੇ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਤਾਰਾਂ ਸਣੇ ਕਾਬੂ ਕਰ ਲਿਆ। ਲੋਕਾਂ ਨੇ ਚੋਰਾਂ ਦਾ ਕੁਟਾਪਾ ਚਾੜਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਪਿੰਡ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਫੜੇ ਵਿਅਕਤੀਆਂ ਦੀ ਪਛਾਣ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਅਜੈਬ ਸਿੰਘ, ਸਰਬਜੀਤ ਸਿੰਘ, ਰਵੀ ਸਿੰਘ ਵਾਸੀ ਮਾਨਸਾ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਖੇਤਾਂ ਦੀਆਂ 50 ਮੋਟਰਾਂ ਤੋਂ ਕੇਬਲਾਂ ਦੀ ਚੋਰੀ ਹੋ ਚੁੱਕੀ ਸੀ ਅਤੇ ਹੁਣ 18 ਮੋਟਰਾਂ ਤੋਂ ਕੇਬਲਾਂ ਚੋਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਪਿੰਡ ਦਾਤੇਵਾਸ ਦੇ ਪਰਮਜੀਤ ਸਿੰਘ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸਦੇ ਆਧਾਰ ’ਤੇ ਫੜੇ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸਦਰ ਬੁਢਲਾਡਾ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।