ਬਰਨਾਲਾ ’ਚ ਮੈਂਬਰੀ ਲੁਟੇਰਾ ਗਰੋਹ ਕਾਬੂ
ਬਰਨਾਲਾ ਪੁਲੀਸ ਦੇ ਵਿੰਗ ਸੀਆਈਏ ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਪੰਜ ਮੈਂਬਰੀ ਗਰੋਹ ਨੂੰ ਗ੍ਰਿਫ਼ਤਾਰ ਕਰਕੇ ਲੁੱਟ-ਖੋਹ ਅਤੇ ਚੋਰੀ ਕੀਤਾ ਕਾਫੀ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਐੱਸਪੀ (ਡੀ) ਅਸ਼ੋਕ ਕੁਮਾਰ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ। ਇਹ ਗੈਂਗ ਪੈਟਰੋਲ ਪੰਪ, ਸ਼ਰਾਬ ਦੇ ਠੇਕੇ, ਘਰਾਂ ’ਚ ਚੋਰੀਆਂ ਅਤੇ ਰਾਹਗੀਰਾਂ ਨੂੰ ਲੁੱਟਣ ਆਦਿ ਘਟਨਾਵਾਂ ’ਚ ਸ਼ਾਮਲ ਹੈ। ਐੱਸਪੀ (ਡੀ) ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਅਰਸ਼ਦੀਪ ਸਿੰਘ ਉਰਫ਼ ਗਿੱਪੀ, ਲਖਵਿੰਦਰ ਸਿੰਘ ਉਰਫ਼ ਗੁਰਮਾ, ਗਗਨਦੀਪ ਸਿੰਘ ਉਰਫ਼ ਗੱਗੀ, ਸੁਖਚੈਨ ਸਿੰਘ ਉਰਫ਼ ਚੈਨੀ ਅਤੇ ਜਸਨੂਰ ਸਿੰਘ ਉਰਫ਼ ਨਿੱਕਾ ਸਾਰੇ ਵਾਸੀ ਬਰਨਾਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੋਹੇ ਦਾ ਖੰਡਾ, ਲੋਹੇ ਦੀਆਂ ਪਾਇਪਾਂ ਐਂਗਲ ਗਰਾਰੀਆਂ ਸਣੇ ਫਿੱਟ ਤਿੰਨ ਸਪਲਿਟ ਏਅਰ ਕੰਡੀਸ਼ਨਰ, ਪੰਜ ਐਲਸੀਡੀ ਟੀਵੀ, ਦੋ ਇਨਵਰਟਰ, ਇੱਕ ਬੈਟਰਾ, ਪੰਜ ਲੈਪਟਾਪ, 11 ਮੋਬਾਇਲ ਅਤੇ ਇੱਕ ਪਿੱਕਅਪ ਜੀਪ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।