ਫ਼ਿਰੋਜ਼ਪੁਰ ’ਚ ਕੌਂਸਲਰ ਕਪਿਲ ਕੁਮਾਰ ‘ਤੇ ਫਾਇਰਿੰਗ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਪਰੈਲ
ਫ਼ਿਰੋਜ਼ਪੁਰ ਸ਼ਹਿਰ ’ਚ ਅਪਰਾਧਿਕ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੂਹਰੇ ਕਤਲ ਕਾਂਡ ਤੋਂ ਅਜੇ ਲੋਕ ਸਹਿਮੇ ਹੀ ਹੋਏ ਸਨ ਕਿ ਬੀਤੀ ਰਾਤ 9 ਵਜੇ ਦੇ ਕਰੀਬ ਵਾਰਡ ਨੰਬਰ 6 ਦੇ ਕਾਂਗਰਸੀ ਕੌਂਸਲਰ ਕਪਿਲ ਕੁਮਾਰ ਉਰਫ਼ ਮੌਂਟੀ ਉਪਰ ਫ਼ਾਇਰਿੰਗ ਹੋਣ ਦੀ ਘਟਨਾ ਵਾਪਰ ਗਈ। ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਤਿੰਨ ਰਾਊਡ ਫ਼ਾਇਰ ਕੀਤੇ ਅਤੇ ਫ਼ਰਾਰ ਹੋ ਗਏ। ਹਾਲਾਂਕਿ ਇਸ ਫ਼ਾਇਰਿੰਗ ਵਿੱਚ ਮੌਂਟੀ ਵਾਲ-ਵਾਲ ਬਚ ਗਿਆ। ਵਾਰਦਾਤ ਦੇ ਵਕਤ ਉਹ ਬਾਂਸੀ ਗੇਟ ਦੇ ਅੰਦਰ ਸਥਿਤ ਆਪਣੀਆਂ ਦੁਕਾਨਾਂ ਦੇ ਬਾਹਰ ਬੈਠਾ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਸਿਟੀ ਥਾਣਾ ਮੁਖੀ ਹਰਿੰਦਰ ਸਿੰਘ ਚਮੇਲੀ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਇੰਸਪੈਕਟਰ ਜਤਿੰਦਰ ਸਿੰਘ ਨੂੰ ਲਾ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਆਰੰਭ ਦਿੱਤੀ। ਮੌਂਟੀ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਨਹੀਂ ਜਾਣਦਾ ਕਿ ਇਹ ਹਮਲਾ ਉਸ ਉਪਰ ਕਿਉਂ ਕੀਤਾ ਗਿਆ। ਦੱਸ ਦਈਏ ਕਿ ਮੌਂਟੀ ਦੇ ਪਿਤਾ ਸਤੀਸ਼ ਕੁਮਾਰ ਅਤੇ ਮਾਂ ਵੀ ਆਪਣੇ ਵਾਰਡ ਵਿਚੋਂ ਕੌਂਸਲਰ ਰਹਿ ਚੁੱਕੇ ਹਨ। ਹੁਣ ਮੌਂਟੀ ਲਗਾਤਾਰ ਦੂਜੀ ਵਾਰ ਕੌਂਸਲਰ ਬਣਿਆ ਹੈ ਤੇ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫ਼ੀ ਚਰਚਾ ਵਿਚ ਰਹਿੰਦਾ ਹੈ।
ਸ਼ਹਿਰ ’ਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਸ਼ਹਿਰ ਅੰਦਰ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ’ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਪ੍ਰਧਾਨ ਗਰੋਵਰ ਦੀ ਥਾਣਾ ਮੁਖੀ ਚਮੇਲੀ ਨਾਲ ਤਿੱਖੀ ਬਹਿਸ ਵੀ ਹੋਈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ’ਚ ਗੁੰਡਾਗਰਦੀ ਵਧ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਮਾਮਲੇ ਦੀ ਪੜਤਾਲ ਸ਼ੁਰੂ: ਐੱਸਐੱਸਪੀ
ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ ਤੇ ਛੇਤੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।