ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਭਰ ’ਚੋਂ 43.4 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ ਫਿਰੋਜ਼ਪੁਰ

ਗਰਮੀ ਕਾਰਨ ਚੋਣ ਰੈਲੀਆਂ ਦੀ ਰੰਗੀਨੀ ਫਿੱਕੀ ਪੈਣ ਲੱਗੀ; ਪੰਜਾਬ ਵਿੱਚ 27 ਤੱਕ ਰੈੱਡ ਅਲਰਟ ਜਾਰੀ
ਬਠਿੰਡਾ ਵਿਚ ਸ਼ੁੱਕਰਵਾਰ ਨੂੰ ਗਰਮੀ ਤੋਂ ਬਚਣ ਲਈ ਆਪਣਾ ਸਿਰ-ਮੂੰਹ ਢਕ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ

ਬਠਿੰਡਾ, 24 ਮਈ

Advertisement

ਰਾਜਸਥਾਨ ਦੇ ਟਿੱਬਿਆਂ ਨਾਲ ਖਹਿੰਦਾ ਪੰਜਾਬ ਦਾ ਮਾਲਵਾ ਖਿੱਤਾ ਅੱਜ ਦਿਨੇ ਤੰਦੂਰ ਵਾਂਗ ਤਪਿਆ ਰਿਹਾ। ਕਹਿਰ ਦੀ ਵਗਦੀ ਲੂ ਕਾਰਨ ਫ਼ਿਰੋਜ਼ਪੁਰ ’ਚ ਅੱਜ ਪਾਰਾ 43.4 ਡਿਗਰੀ ਸੈਲਸੀਅਸ ਨੂੰ ਛੂਹ ਕੇ ਪੰਜਾਬ ’ਚ ਪਹਿਲੇ ਲੰਬਰ ’ਤੇ ਰਿਹਾ। ਬਠਿੰਡੇ ’ਚ ਅੱਜ ਦਿਨ ਦਾ ਤਾਪਮਾਨ 42.0 ਡਿਗਰੀ ਸੈਲਸੀਅਸ ਰਿਹਾ। ਰੋਜ਼ਾਨਾ ਸਿਖਰ ਵੱਲ ਵਧਦੀ ਤਪਸ਼ ਨੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ। ਲੋਕ ਹੁਣ ਛੱਤ ਦਾ ਆਸਰਾ ਤੱਕਦੇ ਦਿਖਾਈ ਦੇਣ ਲੱਗੇ ਹਨ। ਬਾਜ਼ਾਰਾਂ ’ਚ ਦਿਨ ਸਮੇਂ ਸੁੰਨ ਪੱਸਰੀ ਰਹਿੰਦੀ ਹੈ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚੋਂ ਰੌਣਕਾਂ ਗਾਇਬ ਹੋ ਗਈਆਂ ਹਨ। ਗਰਮੀ ਦੇ ਕਹਿਰ ਨੇ ਚੋਣ ਸਰਗਰਮੀਆਂ ਮੱਠੀਆਂ ਕਰ ਦਿੱਤੀਆਂ ਹਨ। ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕਰਨ ਲਈ ਲੋਕ ਹੁਣ ਸਵੇਰ ਤੇ ਸ਼ਾਮ ਨੂੰ ਹੀ ਦੁਕਾਨਾਂ ’ਤੇ ਵਿਖਾਈ ਦਿੰਦੇ ਹਨ। ਆਈਐੱਮਡੀ ਨੇ 27 ਮਈ ਤੱਕ ਪੰਜਾਬ ਅੰਦਰ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ। ਡਾਕਟਰਾਂ ਨੇ ਤਾਕੀਦ ਕੀਤੀ ਹੈ ਕਿ ਸੂਰਜ ਦੇ ਸੰਪਰਕ ’ਚ ਆਉਣ ਤੋਂ ਜਿੰਨਾ ਬਚਿਆ ਜਾਵੇ, ਬਿਹਤਰ ਹੈ ਅਤੇ ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਪਾਣੀ ਪੀਣ ਨੂੰ ਸਰਵੋਤਮ ਉਪਾਅ ਮੰਨਿਆ ਗਿਆ ਹੈ।

ਉਂਜ ਤਿੱਖੀ ਗਰਮੀ ਨੇ ਕੂਲਰਾਂ ਅਤੇ ਏਸੀ ਦੀ ਮੰਗ ’ਚ ਇਜ਼ਾਫ਼ਾ ਕੀਤਾ ਹੈ। ਲੋੜਵੰਦ ਗਾਹਕ ਬਿਜਲਈ ਸਮਾਨ ਵਿਕ੍ਰੇਤਾਵਾਂ ਦੇ ਸ਼ੋਅ ਰੂਮਾਂ ’ਤੇ ਹਾਜ਼ਰੀ ਭਰਦੇ ਨਜ਼ਰੀਂ ਆਉਂਦੇ ਹਨ। ਪੀਆਰਟੀਸੀ ਦੇ ਕਰਮਚਾਰੀਆਂ ਨੇ ਖੁਲਾਸਾ ਕੀਤਾ ਕਿ ਮੁਫ਼ਤ ਸਫ਼ਰ ਦੀ ਸਹੂਲਤ ਦਾ ਲਾਭ ਲੈਣ ਵਾਲੀਆਂ ਬੀਬੀਆਂ ਦੀ ਸਰਕਾਰੀ ਬੱਸਾਂ ’ਚੋਂ ਭੀੜ ਗਾਇਬ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੈਸੇ ਵੀ ਗਰਮੀ ਕਰਕੇ ਜ਼ਰੂਰੀ ਕੰਮ ਆਉਣ-ਜਾਣ ਵਾਲੇ ਆਮ ਮੁਸਾਫ਼ਰਾਂ ਦੀ ਗਿਣਤੀ ਘਟੀ ਹੈ।

Advertisement