ਫ਼ਿਰੋਜ਼ਪੁਰ: ਹੜ੍ਹ ਕਾਰਨ ਘਰੇਲੂ ਵਰਤੋਂ ਦਾ ਸਾਮਾਨ ਖ਼ਰਾਬ
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਆਲੇ ਵਾਲਾ ਤੇ ਬੰਡਾਲਾ ਵਿੱਚ ਹੜ੍ਹ ਤੋਂ ਬਾਅਦ ਪੀੜਤਾਂ ਦੇ ਦਿਨ ਔਖੇ ਲੰਘ ਰਹੇ ਹਨ। ਕਈ ਘਰ ਪੂਰੀ ਤਰ੍ਹਾਂ ਡਿੱਗ ਚੁੱਕੇ ਹਨ, ਕਈਆਂ ਦੀਆਂ ਛੱਤਾਂ ਢਹਿ ਗਈਆਂ ਹਨ ਅਤੇ ਘਰਾਂ ਵਿੱਚ ਰੱਖਿਆ ਸਾਰਾ ਸਾਮਾਨ ਬਰਬਾਦ ਹੋ ਗਿਆ ਹੈ। ਟਰੈਕਟਰ, ਹੋਰ ਗੱਡੀਆਂ ਅਤੇ ਪਸ਼ੂਆਂ ਤੱਕ ਦਾ ਵੱਡਾ ਨੁਕਸਾਨ ਹੋਇਆ ਹੈ। ਪਿੰਡ ਆਲੇ ਵਾਲਾ ਦੇ ਮੰਗਾ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਾਣੀ ਆਉਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ, ਤਾਂ ਸਭ ਕੁਝ ਬਰਬਾਦ ਹੋ ਚੁੱਕਾ ਸੀ। ਘਰ ’ਚ ਪਿਆ ਸਾਮਾਨ, ਬਿਸਤਰੇ, ਗੱਦੇ ਸਭ ਕੁਝ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋ ਗਏ। ਮੰਗਾ ਸਿੰਘ ਨੇ ਕਿਹਾ ਕਿ ਸਾਨੂੰ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਬਣੀ ਹੋਈ ਹੈ। ਉਸ ਨੇ ਦੱਸਿਆ ਕਿ ਜਦੋਂ ਪਾਣੀ ਲਈ ਮੋਟਰ ਚਲਾਉਂਦੇ ਹਾਂ ਤਾਂ ਪਾਣੀ ਬਦਬੂਦਾਰ ਨਿਕਲ ਰਿਹਾ ਹੈ। ਮੰਗਾ ਸਿੰਘ ਨੇ ਕਿਹਾ ਕਿ ਸਾਡੇ ਘਰ ਪਿੰਡ ਦੇ ਨੀਵੇਂ ਪਾਸੇ ਹਨ, ਇਸ ਲਈ ਪਾਣੀ ਸਭ ਤੋਂ ਪਹਿਲਾਂ ਇੱਥੇ ਆਉਂਦਾ ਹੈ ਤੇ ਸਭ ਤੋਂ ਬਾਅਦ ’ਚ ਸੁੱਕਦਾ ਹੈ। ਦਿਹਾੜੀ, ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲੇ ਮੰਗਾ ਸਿੰਘ ਦੀ ਬਜ਼ੁਰਗ ਮਾਤਾ ਸਵਰਨ ਕੌਰ ਨੇ ਨਿਰਾਸ਼ਾ ਭਰੇ ਲਿਹਾਜ਼ੇ ਵਿੱਚ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਤਾਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਪਰ ਸਾਡੇ ਵਰਗੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਕੋਈ ਜ਼ਮੀਨ ਨਹੀਂ ਹੈ। ਹੜ੍ਹ ਨਾਲ ਸਾਡੇ ਘਰ ਬਾਰ ਪੂਰੀ ਤਰ੍ਹਾਂ ਉਜੜ ਗਏ ਹਨ। ਬਜ਼ੁਰਗ ਮਾਤਾ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ ਉਨ੍ਹਾਂ ਨੂੰ ਵੀ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਾਡੀ ਵਿੱਤੀ ਮਦਦ ਵੀ ਕੀਤੀ ਜਾਵੇ। ਇਨ੍ਹਾਂ ਪਿੰਡਾਂ ਦੇ ਲੋਕ ਅੱਜ ਵੀ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਪੀਣ ਲਈ ਸਾਫ਼ ਪਾਣੀ ਨਾ ਹੋਣ ਕਾਰਨ ਉਨ੍ਹਾਂ ਦੀਆਂ ਮੁਸੀਬਤਾਂ ਹਰ ਰੋਜ਼ ਵਧਦੀਆਂ ਜਾ ਰਹੀਆਂ ਹਨ।
ਪੀੜਤਾਂ ਲਈ ਵਿਸ਼ੇਸ਼ ਰੇਲ ਰਾਹੀਂ ਭੇਜੀ ਰਾਹਤ ਸਮੱਗਰੀ
ਫਿਰੋਜ਼ਪੁਰ: ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗੁਜਰਾਤ ਸਰਕਾਰ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਸਾਂਝੇ ਤੌਰ ’ਤੇ ਰਾਹਤ ਸਮੱਗਰੀ ਭੇਜੀ ਹੈ। ਬੀਤੀ ਸ਼ਾਮ ਇੱਕ ਵਿਸ਼ੇਸ਼ ਰੇਲ ਗੱਡੀ ਰਾਹਤ ਸਮੱਗਰੀ ਲੈ ਕੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ। ਇਸ ਰਾਹਤ ਸਮੱਗਰੀ ਵਿਚ ਰੋਜ਼ਾਨਾ ਜੀਵਨ ਲਈ ਜ਼ਰੂਰੀ ਵਸਤਾਂ ਆਟਾ, ਦਾਲਾਂ, ਖੰਡ, ਰਿਫਾਇੰਡ ਤੇਲ, ਦਵਾਈਆਂ ਅਤੇ ਹੋਰ ਘਰੇਲੂ ਸਮੱਗਰੀ ਤੋਂ ਇਲਾਵਾ ਆਲੂ ਤੇ ਪਿਆਜ਼ ਵਰਗੀਆਂ ਸਬਜ਼ੀਆਂ ਵੀ ਸ਼ਾਮਲ ਸਨ। ਰੇਲਗੱਡੀ ਵਿੱਚੋਂ 10 ਵੈਗਨਾਂ ਦੀ ਸਮੱਗਰੀ ਫਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ’ਤੇ ਲਾਹੀ ਗਈ, ਜਦੋਂ ਕਿ ਬਾਕੀ 12 ਵੈਗਨਾਂ ਨੂੰ ਸੁਰਾਨੱਸੀ ਰੇਲਵੇ ਸਟੇਸ਼ਨ ’ਤੇ ਪਹੁੰਚਾਇਆ ਗਿਆ। ਇਸ ਰਾਹਤ ਸਮੱਗਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਜਾਵੇਗਾ, ਤਾਂ ਜੋ ਲੋੜਵੰਦਾਂ ਤੱਕ ਇਹ ਸਮੇਂ ਸਿਰ ਪਹੁੰਚ ਸਕੇ। ਇਸ ਕੰਮ ਵਿਚ ਰੇਲਵੇ ਸਟਾਫ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਮਾਜਿਕ ਸੇਵਾਦਾਰ ਸਰਗਰਮੀ ਨਾਲ ਕੰਮ ਕਰ ਰਹੇ ਹਨ।