ਵੋਟਰ ਸੂਚੀਆਂ ਦੇ ਸਰਵੇਖਣ ਤੋਂ ਅੱਕੇ ਬੀ ਐੱਲ ਓਜ਼ ਸੰਘਰਸ਼ ਦੇ ਰੌਂਅ ’ਚ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਗੈਰ-ਅਧਿਆਪਨ ਕੰਮਾਂ ਵਿੱਚ ਲਗਾਉਣੀਆਂ ਬੰਦ ਕਰਨ ਲਈ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਹਨ ਪਰ ਇਸਦੇ ਬਾਵਜੂਦ ਵੋਟਰ ਸੂਚੀਆਂ ਵਿੱਚ ਹੋ ਰਹੇ ਸਰਵੇਖਣ ਤੋਂ ਅੱਕੇ ਬੀ ਐੱਲ ਓਜ਼ ਨੇ ਅੱਜ ਸਰਕਾਰ ਖ਼ਿਲਾਫ਼ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਸਿੱਖਿਆ ਮੰਤਰੀ ਵੱਲੋਂ ਗੈਰ-ਅਧਿਆਪਨ ਡਿਊਟੀਆਂ ਨਾ ਲਾਉਣ ਦੇ ਹੁਕਮ ਤੋਂ ਅਗਲੇ ਦਿਨ ਅੱਜ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬਹਿਣੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਮੰਤਰੀ ਦੇ ਬਿਆਨ ਅਨੁਸਾਰ ਸਰਕਾਰ ਅਧਿਆਪਕਾਂ ਤੋਂ ਬੀਐੱਲਓਜ਼ ਦਾ ਕੰਮ ਲੈਣਾ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਬੀ ਐੱਲ ਓਜ਼ ਦੇ ਕੰਮ ਲਈ ਵੱਖਰੇ ਤੌਰ ’ਤੇ ਨਵੇਂ ਕਰਮਚਾਰੀਆਂ ਦੀ ਭਰਤੀ ਕਰੇ।
ਇਸੇ ਦੌਰਾਨ ਬੀ ਐੱਲ ਓਜ਼ ਨੇ ਬੀ ਐੱਲ ਓ ਯੂਨੀਅਨ ਹਲਕਾ ਬੁਢਲਾਡਾ ਦਾ ਗਠਨ ਕੀਤਾ, ਜਿਸ ਵਿੱਚ ਨਵਦੀਪ ਸਿੰਘ ਬੋਹਾ ਪ੍ਰਧਾਨ, ਸੁੱਖਾ ਸਿੰਘ ਸਕੱਤਰ, ਸਰਵਣ ਸਿੰਘ ਵਿੱਤ ਸਕੱਤਰ, ਸੁਖਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਅਮਰੀਕ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਬੀਐੱਲਓ ਯੂਨੀਅਨ ਦੇ ਬਲਾਕ ਪ੍ਰਧਾਨ ਨਵਦੀਪ ਸਿੰਘ ਬੋਹਾ ਨੇ ਕਿਹਾ ਕਿ ਨਿੱਤ ਦਿਨ ਉਨ੍ਹਾਂ ਤੋਂ ਨਵੇਂ ਅੰਕੜੇ ਮੰਗੇ ਜਾ ਰਹੇ ਹਨ ਅਤੇ ਉਹ ਇਨ੍ਹਾਂ ਅੰਕੜਿਆਂ ਵਿੱਚ ਉਲਝਕੇ ਆਪਣੇ ਅਸਲ ਕੰਮ ਵਿਦਿਆਰਥੀਆਂ ਨੂੰ ਪੜਾਉਣ ਤੋ ਅਸਮਰੱਥ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਹਰਫੂਲ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਨਵੀਨ ਬੋਹਾ, ਦਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।