ਇਨਸਾਫ਼ ਦੀ ਉਡੀਕ ’ਚ ਪਿਓ ਨੇ ਤਿੰਨ ਦਿਨ ਘਰ ’ਚ ਰੱਖੀ ਪੁੱਤ ਦੀ ਲਾਸ਼
ਸ਼ਹਿਣਾ 2 ਜੂਨ
ਲਗਭਗ ਦੋ ਮਹੀਨੇ ਪਹਿਲਾਂ ਤਿੰਨ ਅਪਰੈਲ ਨੂੰ ਪਿੰਡ ਗਿੱਲ ਕੋਠੇ ਕੋਲ ਕਸਬਾ ਸ਼ਹਿਣਾ ਦੇ ਗ਼ਰੀਬ ਪਰਿਵਾਰ ਨਾਲ ਸਬੰਧਤ ਕਰਨੈਲ ਸਿੰਘ (25) ਪੁੱਤਰ ਮਹਿੰਦਰ ਸਿੰਘ ਦਾ ਐਕਸੀਡੈਂਟ ਹੋ ਗਿਆ ਸੀ। ਉਸ ਦੀ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਦੁਖਦਾਈ ਤੱਥ ਇਹ ਹੈ ਕਿ ਮਹਿੰਦਰ ਸਿੰਘ ਖ਼ੁਦ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਇਸ ਆਸ ਵਿੱਚ ਆਪਣੇ ਪੁੱਤ ਦੀ ਲਾਸ਼ ਘਰ ’ਚ ਮਸ਼ੀਨ ਲਾ ਕੇ ਰੱਖੀ ਬੈਠਾ ਹੈ ਕਿ ਸ਼ਾਇਦ ਉਸ ਨੂੰ ਅੱਜ ਵੀ ਇਨਸਾਫ਼ ਮਿਲ ਜਾਵੇਗਾ। ਉਹ ਥਾਣੇ ਗੇੜੇ ਮਾਰ-ਮਾਰ ਕੇ ਥੱਕ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਕੋਲ ਕਰਨੈਲ ਸਿੰਘ ਦਾ ਇਲਾਜ ਕਰਾਉਣ ਲਈ ਕੋਈ ਪੈਸਾ ਨਹੀਂ ਸੀ। ਪਰਿਵਾਰ ਨੇ ਪਿੰਡ ਵਿੱਚੋਂ ਅਤੇ ਸਮਾਜ ਸੇਵੀਆਂ ਤੋਂ ਪੈਸੇ ਇਕੱਠੇ ਕਰਕੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਦੋ ਮਹੀਨਿਆਂ ਮਗਰੋਂ ਇਲਾਜ ਦੌਰਾਨ ਕਰਨੈਲ ਸਿੰਘ ਦੀ ਮੌਤ ਹੋ ਗਈ।
ਕਰਨੈਲ ਸਿੰਘ ਦੇ ਪਿਤਾ ਮਹਿੰਦਰ ਸਿੰਘ, ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਦੇ ਭਰੋਸੇ ਪਿੱਛੋਂ ਅੱਜ ਪਰਿਵਾਰ ਨੇ ਸਸਕਾਰ ਕਰ ਦਿੱਤਾ ਹੈ।
ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ: ਐੱਸਐੱਚਓ
ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਤਿੰਨ ਅਪਰੈਲ ਨੂੰ ਪਿੰਡ ਗਿੱਲ ਕੋਠੇ ਕੋਲ ਸੜਕ ਹਾਦਸਾ ਹੋਇਆ ਸੀ ਅਤੇ ਸ਼ਹਿਣਾ ਪੁਲੀਸ ਨੇ 4 ਅਪਰੈਲ ਨੂੰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਸੀ। ਹੁਣ ਕਰਨੈਲ ਸਿੰਘ ਦੀ ਮੌਤ ਹੋ ਗਈ ਹੈ ਅਤੇ ਪੁਲੀਸ ਨੇ ਧਾਰਾ 106/1 ਅਧੀਨ ਕਤਲ ਕੇਸ ਦਰਜ ਕਰ ਲਿਆ ਹੈ ਅਤੇ ਕੇਸ ਵਿੱਚ ਤਾਰੀ ਸਿੰਘ ਵਾਸੀ ਗਿੱਲ ਕੋਠੇ ਦਾ ਨਾਮ ਸਾਹਮਣੇ ਆਇਆ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।