ਫ਼ਤਹਿ ਬਾਦਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਦੌੜ ’ਚ ਸ਼ਾਮਲ
ਸੀਨੀਅਰ ਕਾਂਗਰਸ ਆਗੂ ਫ਼ਤਹਿ ਸਿੰਘ ਬਾਦਲ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਫਾਰਮ ਦਾਖ਼ਲ ਕੀਤਾ ਹੈ। ਉਨ੍ਹਾਂ ਪ੍ਰਧਾਨਗੀ ਅਹੁਦੇ ਲਈ ਆਬਜ਼ਰਵਰ ਅਤੇ ਜੰਮੂ-ਕਸ਼ਮੀਰ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਾਰ ਰਸੂਲ ਵਾਣੀ, ਸਹਿ-ਆਬਜ਼ਰਵਰ ਅੰਗਦ ਸੈਣੀ ਅਤੇ ਲੰਬੀ ਹਲਕੇ ਦੇ ਆਬਜ਼ਰਵਰ ਬਲਵੰਤ ਰਾਏ ਨਾਥ ਦੀ ਹਾਜ਼ਰੀ ਵਿੱਚ ਫਾਰਮ ਭਰਿਆ।
ਜ਼ਿਕਰਯੋਗ ਹੈ ਕਿ ਕਰੀਬ ਡੇਢ ਦਹਾਕਾ ਪਹਿਲਾਂ ਉਨ੍ਹਾਂ ਦੇ ਪਿਤਾ ਮਹੇਸ਼ਇੰਦਰ ਸਿੰਘ ਬਾਦਲ ਵੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਹੁਣ ਫ਼ਤਹਿ ਸਿੰਘ ਬਾਦਲ ਦੇ ਮੈਦਾਨ ’ਚ ਆਉਣ ਨਾਲ ਪ੍ਰਧਾਨਗੀ ਦੀ ਦੌੜ ਚਰਚਾ ਵਿੱਚ ਆ ਗਈ ਹੈ। ਉਹ ਹਲਕਾ ਲੰਬੀ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਅਤੇ ਬੀਤੇ ਲੋਕ ਸਭਾ ਚੋਣਾਂ ਤੋਂ ਹੀ ਹਲਕੇ ਵਿਚ ਸਰਗਰਮ ਹਨ। ਦਿਲਚਸਪ ਗੱਲ ਇਹ ਹੈ ਕਿ ਸਾਲਾਂ ਤੋਂ ਸਿਆਸਤ ਤੋਂ ਦੂਰ ਰਹੇ ਮਹੇਸ਼ਇੰਦਰ ਸਿੰਘ ਬਾਦਲ ਵੀ ਪੁੱਤਰ ਲਈ ਜਨਤਕ ਤੌਰ ’ਤੇ ਸਰਗਰਮ ਹੋ ਗਏ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਿੰਨ ਵਾਰ ਸਿੱਧਾ ਮੁਕਾਬਲਾ ਕਰ ਚੁੱਕੇ ਮਹੇਸ਼ਇੰਦਰ ਸਿੰਘ ਬਾਦਲ ਧੜੇ ਦੇ ਮੁੜ ਮੈਦਾਨ ਵਿੱਚ ਆਉਣ ਨਾਲ ਕਾਂਗਰਸ ਨੂੰ ਜ਼ਿਲ੍ਹੇ ਵਿੱਚ ਮਜ਼ਬੂਤੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।