ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਝੋਨਾ ਢੇਰੀ ਕੀਤਾ

ਪ੍ਰਸ਼ਾਸਨ ਨਾਲ ਸਮਝੌਤਾ ਟੁੱਟਿਆ; ਡਕੌਂਦਾ ਧੜੇ ਨੇ ਪੱਕਾ ਮੋਰਚਾ ਲਾਇਆ
ਮਾਨਸਾ ’ਚ ਡੀ ਸੀ ਦਫ਼ਤਰ ਮੂਹਰੇ ਝੋਨੇ ਦੀ ਟਰਾਲੀ ਢੇਰੀ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਸੁਰੇਸ਼
Advertisement

ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਰਹਿੰਦੇ ਝੋਨੇ ਨੂੰ ਸਰਕਾਰੀ ਭਾਅ ’ਤੇ ਵਿਕਵਾਉਣ ਲਈ ਕਰਵਾਇਆ ਸਮਝੌਤਾ ਅੱਧ-ਵਿਚਾਲੇ ਟੁੱਟ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ਕਿਸਾਨਾਂ ਨੇ ਝੋਨੇ ਦੀਆਂ ਸੱਤ ਟਰਾਲੀਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਖੜ੍ਹੀਆਂ ਕਰ ਦਿੱਤੀਆਂ ਹਨ। ਕਿਸਾਨਾਂ ਨੇ ਇੱਕ ਟਰਾਲੀ ਨੂੰ ਡੀ ਸੀ ਦਫ਼ਤਰ ਵਿੱਚ ਢੇਰੀ ਕਰ ਦਿੱਤਾ ਜਦ ਕਿ ਛੇ ਟਰਾਲੀਆਂ ਭਰੀਆਂ ਹੋਈਆਂ ਝੋਨੇ ਦੀਆਂ ਖਿਲਾਰਕੇ ਰਾਤ ਨੂੰ ਪੱਕਾ ਮੋਰਚਾ ਆਰੰਭ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਵਿੱਚ ਲੱਗੇ ਇਸ ਮੋਰਚੇ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਕਰ ਰਹੇ ਹਨ।

ਭਾਵੇਂ ਪ੍ਰਸ਼ਾਸਨ ਵੱਲੋਂ ਡੀ ਐੱਸ ਪੀ ਬੂਟਾ ਸਿੰਘ ਗਿੱਲ ਅਤੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਨੇ ਸ਼ੈੱਲਰ ਮਾਲਕਾਂ ਨੂੰ ਕਿਸਾਨਾਂ ਦਾ ਝੋਨਾ ਖਰੀਦਣ ਲਈ ਕਿਹਾ ਗਿਆ ਹੈ, ਪਰ ਮਸਲੇ ਵਿੱਚ ਅੜਿੱਕਾ ਝੋਨੇ ਦੀ ਕਾਟ ਬਣ ਗਈ ਹੈ। ਕਿਸਾਨ ਜਥੇਬੰਦੀ ਬਿਨਾਂ ਕਾਟ ਤੋਂ ਬਗੈਰ ਪੂਰੇ ਰੇਟ ਉਪਰ ਝੋਨਾ ਵੇਚਣ ਲਈ ਅੜੀ ਹੋਈ ਹੈ, ਜਦੋਂ ਕਿ ਸ਼ੈੱਲਰ ਐਸੋਸੀਏਸ਼ਨ ਕਾਟ ’ਤੇ ਖਰੀਦਣ ਲਈ ਖੜ੍ਹੀ ਹੋਈ ਹੈ। ਦੇਰ ਸ਼ਾਮ ਦੋਵੇਂ ਧਿਰਾਂ ਵਿਚਕਾਰ ਦੋ ਵਾਰ ਗੱਲਬਾਤ ਹੋਈ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ, ਪਰ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਝੋਨੇ ਦੀਆਂ ਟਰਾਲੀਆਂ ਆਉਣ ਅਤੇ ਇੱਕ ਟਰਾਲੀ ਢੇਰੀ ਕਰਨ ਦੀ ਵੱਡੀ ਸਿਰਦਰਦੀ ਬਣੀ ਹੋਈ ਹੈ।

Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਵਾਰ-ਵਾਰ ਗੱਲਬਾਤ ਕਰਨ ’ਤੇ ਕੁਝ ਵੀ ਸਿੱਟਾ ਨਾ ਨਿਕਲਿਆ ਤਾਂ ਜਥੇਬੰਦੀ ਵੱਲੋਂ ਝੋਨੇ ਦੀਆਂ ਟਰਾਲੀਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਲਿਆ ਕੇ ਢੇਰੀ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਇਸ ਝੋਨੇ ਨੂੰ ਵੇਚ ਕੇ ਹੀ ਘਰਾਂ ਨੂੰ ਵਾਪਸ ਜਾਣਗੇ ਅਤੇ ਰਾਤ ਭਰ ਲਈ ਪੱਕੇ ਡੇਰੇ ਡੀ ਸੀ ਦਫ਼ਤਰ ਗੱਡ ਧਰੇ ਹਨ।

ਇਸੇ ਦੌਰਾਨ ਮਾਨਸਾ ਦੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਅਤੇ ਡੀ ਐੱਸ ਪੀ ਬੂਟਾ ਸਿੰਘ ਗਿੱਲ ਵੱਲੋਂ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਜ਼ੋਰ-ਅਜ਼ਮਾਈ ਚੱਲ ਰਹੀ ਹੈ। ਇਸ ਮੌਕੇ ਮਨਜੀਤ ਸਿੰਘ ਉੱਲਕ,ਕਰਮ ਸਿੰਘ ਮਾਨਸਾ,ਗੁਰਦੀਪ ਸਿੰਘ,ਕਾਲਾ ਸਿੰਘ,ਪਾਲਾ ਸਿੰਘ ਦਲੀਏਵਾਲੀ, ਸਿੰਦਰਪਾਲ ਕੌਰ ਤੇ ਕਰਨੈਲ ਸਿੰਘ ਵੀ ਮੌਜੂਦ ਸਨ।

Advertisement
Show comments