ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਯੂਨੀਅਨ ਵੱਲੋਂ ਫ਼ਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ

ਕਿਸਾਨ ਦੇ ਟਰੈਕਟਰ ’ਤੇ ਨਾਜਾਇਜ਼ ਢੰਗ ਕਰਜ਼ਾ ਪਾਸ ਕਰਨ ਦਾ ਦੋਸ਼; ਅਧਿਕਾਰੀ ਵੱਲੋਂ ਗ਼ਲਤੀ ਮੰਨਣ ’ਤੇ ਧਰਨਾ ਚੁੱਕਿਆ
ਫ਼ਾਇਨਾਂਸ ਕੰਪਨੀ ਦੇ ਬਠਿੰਡਾ ਸਥਿਤ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਇੱਕ ਫ਼ਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ ਅਤੇ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਦੱਸਿਆ ਕਿ ਪਿੰਡ ਸਿੰਘੇ ਵਾਲਾ ਦੇ ਕਿਸਾਨ ਆਗੂ ਕਲਵੰਤ ਸਿੰਘ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਨਰੂਆਣਾ ਨੇ ਮਾਰਚ 2025 ਵਿੱਚ ਇੱਕ ਪੁਰਾਣਾ ਸੋਨਾਲੀਕਾ ਟਰੈਕਟਰ ਤਲਵੰਡੀ ਸਾਬੋ ਤੋਂ ਖ਼ਰੀਦਿਆ ਸੀ। ਉਨ੍ਹਾਂ ਅਨੁਸਾਰ ਟਰੈਕਟਰ ’ਤੇ ਕਰਜ਼ਾ ਲੈਣ ਲਈ ਫ਼ਾਇਨਾਂਸ ਕੰਪਨੀ ਕੋਲ ਜਦੋਂ ਅਪਲਾਈ ਕੀਤਾ ਗਿਆ, ਤਾਂ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਦਿੱਤੇ ਗਏ ਸਨ। ਉਨ੍ਹਾਂ ਮੁਤਾਬਿਕ ਕੰਪਨੀ ਵਾਲੇ ਕਹਿੰਦੇ ਪਹਿਲਾਂ ਟਰੈਕਟਰ ਦੀ ਐੱਨਓਸੀ ਲਿਆ ਕੇ ਦਿਓ, ਕਰਜ਼ਾ ਫਿਰ ਹੀ ਮਨਜ਼ੂਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਕਿਸਾਨ ਨੇ ਇਸ ਝਮੇਲੇ ਤੋਂ ਦੂਰ ਰਹਿਣ ਦੀ ਸੋਚ ਕੇ, ਕੁਝ ਖੁਦ ਕੋਲੋਂ ਅਤੇ ਕੁਝ ਰਿਸ਼ਤੇਦਾਰਾਂ ਕੋਲੋਂ ਪੈਸਾ ਉਧਾਰ ਲੈ ਕੇ ਟਰੈਕਟਰ ਨਗਦ ਖਰੀਦ ਲਿਆ।

ਉਨ੍ਹਾਂ ਸਿਤਮਜ਼ਰੀਫ਼ੀ ਦੀ ਗੱਲ ਇਹ ਦੱਸੀ ਕਿ ਫ਼ਾਇਨਾਂਸ ਕੰਪਨੀ ਅਤੇ ਇੱਕ ਬੈਂਕ ਨੇ ਕਥਿਤ ਮਿਲੀਭੁਗਤ ਕਰਕੇ ਬਗ਼ੈਰ ਐੱਨਓਸੀ ਤੋਂ ਹੀ ਕਿਸਾਨ ਲਈ 4.35 ਲੱਖ ਰੁਪਏ ਦਾ ਕਰਜ਼ਾ ਪਾਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਉਦੋਂ ਪਤਾ ਲੱਗਿਆ, ਜਦੋਂ ਅਧਿਕਾਰੀਆਂ ਨੇ 82 ਹਜ਼ਾਰ ਦੀ ਪਹਿਲੀ ਕਿਸ਼ਤ ਭਰਨ ਬਾਰੇ ਫ਼ੋਨ ’ਤੇ ਸੂਚਿਤ ਕੀਤਾ। ਇਹ ਜਾਣ ਕੇ ਕਿਸਾਨ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ।

Advertisement

ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਕਿਸਾਨ ਜਥੇਬੰਦੀ ਨਾਲ ਇਸ ਸਬੰਧ ’ਚ ਸੰਪਰਕ ਕਰਨ ’ਤੇ ਅੱਜ ਧਰਨਾ ਲਾਇਆ ਗਿਆ। ਧਰਨੇ ਦੌਰਾਨ ਫਾਇਨਾਂਸ ਕੰਪਨੀ ਦੇ ਅਧਿਕਾਰੀ ਨਾਲ ਕਿਸਾਨ ਵਫ਼ਦ ਦੀ ਹੋਈ ਗੱਲਬਾਤ ’ਚ ਅਧਿਕਾਰੀ ਨੇ ਆਪਣੇ ਅਦਾਰੇ ਦੀ ਕਥਿਤ ਗ਼ਲਤੀ ਦਾ ਅਹਿਸਾਸ ਕਰਦਿਆਂ, ਕਰਜ਼ੇ ਸਬੰਧੀ ਕਲੀਅਰ ਸਰਟੀਫਿਕੇਟ ਦੇਣਾ ਵੀ ਮੰਨਿਆ। ਉਪਰੰਤ ਧਰਨਾ ਹਟਾ ਦਿੱਤਾ ਗਿਆ।

 

Advertisement