ਕਿਸਾਨ ਨੇ ਪਰਾਲੀ ਨੂੰ ਬਣਾਇਆ ਆਮਦਨ ਦਾ ਸਾਧਨ
ਹਲਕੇ ਦੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਨੇ ਆਪਣੇ ਖੇਤ ਦੀ ਪਰਾਲੀ ਨੂੰ ਪੂੰਜੀ ਸਾਬਿਤ ਕਰਦਿਆਂ ਉਦਾਹਰਨ ਪੇਸ਼ ਕੀਤੀ ਹੈ। ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ ਨੇ ਸਬਸਿਡੀ ’ਤੇ ਮਿਲੇ ਬੇਲਰ ਦੀ ਸਹਾਇਤਾ ਨਾਲ ਲਗਭਗ 550 ਏਕੜ ਰਕਬੇ ਵਿੱਚੋਂ ਤਕਰੀਬਨ 15000 ਕੁਇੰਟਲ ਪਰਾਲੀ ਇੱਕਠੀ ਕੀਤੀ ਹੈ। ਇਸ ਪਰਾਲੀ ਨੂੰ ਸੁਚੱਜੇ ਢੱਗ ਨਾਲ ਪਰਾਲੀ ਦੀ ਸੰਭਾਲ ਕਰਕੇ ਇਸ ਨੂੰ ਕਮਾਈ ਦਾ ਸਾਧਨ ਬਣਾਇਆ ਹੈ ਜੋ ਕਿ ਦੂਸਰੇ ਕਿਸਾਨਾਂ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਹੈ।
ਕਿਸਾਨ 4 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਪਹਿਲਾਂ ਉਹ ਪਰਾਲੀ ਦੀ ਤੂੜੀ ਬਣਾਉਂਦੇ ਸਨ ਤੇ ਸਾਲ 20218 ਵਿੱਚ ਉਸ ਨੂੰ ਸੁਪਰਸੀਡਰ ’ਤੇ ਸਬਸਿਡੀ ਮਿਲੀ, ਉਸ ਤੋਂ ਬਾਅਦ ਉਹ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਇਸ ਸਾਲ ਉਸ ਨੂੰ ਬੇਲਰ ਸਬਸਿਡੀ ’ਤੇ ਨਿਕਲਿਆ ਹੈ ਜਿਸ ਨਾਲ ਉਸ ਨੇ ਆਪਣੇ ਖੇਤ ਦੇ ਨਾਲ-ਨਾਲ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੇ ਲਗਪੱਗ 550 ਏਕੜ ਵਿੱਚੋਂ ਲਗਭਗ 15000 ਕੁਇੰਟਲ ਪਰਾਲੀ ਇੱਕਠੀ ਕੀਤੀ। ਉਸ ਨੇ ਆਪਣੀ ਜ਼ਮੀਨ ਵਿੱਚ ਪਰਾਲੀ ਦਾ ਡੰਪ ਲਗਾ ਕੇ ਪਰਾਲੀ ਸਟੋਰ ਕੀਤੀ ਹੈ, ਇਸ ਨਾਲ ਉਨ੍ਹਾਂ ਦਾ ਪਰਾਲੀ ਸਟੋਰੇਜ ਦਾ ਖਰਚਾ ਘਟਿਆ ਤੇ ਉਹ ਜ਼ਿਆਦਾ ਏਰੀਆ ਕਵਰ ਕਰਕੇ ਜ਼ਿਆਦਾ ਮਾਤਰਾ ਵਿੱਚ ਪਰਾਲੀ ਇੱਕਠੀ ਕਰਕੇ ਜ਼ਿਆਦਾ ਲਾਭ ਹੋਇਆ।
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਕਿਸਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਜੇ ਬਲਜਿੰਦਰ ਸਿੰਘ ਵਾਂਗ ਬੇਲਰ, ਰੀਪਰ, ਮਲਚਰ, ਹੈਪੀਸੀਡਰ, ਸੁਪਰ ਸੀਡਰ ਦੀ ਵਰਤੋਂ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਕਰਨ ਤਾਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਇ ਇਸ ਨੂੰ ਪੂੰਜੀ ਵਜੋਂ ਵਰਤ ਕੇ ਵਾਧੂ ਆਮਦਨ ਵਧ ਸਕਦੇ ਹਨ।
